ਦਸਵਾਂ ਸਮਾਗਮ : ਸਿੱਖ ਨੈਸ਼ਨਲ ਕਾਲਜ ਬੰਗਾ

ਦਸਵਾਂ ਸਮਾਗਮ : ਸਿੱਖ ਨੈਸ਼ਨਲ ਕਾਲਜ ਬੰਗਾ

—————————————

ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਨ ਵਾਲਾ ਦਸਵਾਂ ਸਮਾਗਮ : ਉਤਸਵ ਵਿਚ ਬਦਲਿਆ

ਸੱਲ ਕਲਾਂ ਪਿੰਡ ਵਿੱਚ ਜੰਮੇ ਪਲੇ ਕਿਰਪਾਲ ਸਿੰਘ ਗਰਚਾ ਹੋਰੀਂ ਪੰਜ ਭਰਾ ਹਨ। ਅੱਜ ਕੱਲ ਇਹ ਸਾਰੇ  ਕਨੇਡਾ ਦੇ ਵਸਨੀਕ  ਹਨ ਅਤੇ ਸਖ਼ਤ ਮਿਹਨਤ ਕਰਕੇ ਆਰਥਕ ਪੱਖੋਂ ਪੂਰੀ ਤਰ੍ਹਾਂ ਨਿਸ਼ਚਿੰਤ ਹੋ ਚੁੱਕੇ ਹਨ। ਮਾਂ ਬੋਲੀ ਪੰਜਾਬੀ ਅਤੇ ਜਨਮ ਭੋਂਇ ਦਾ ਮੋਹ ਪੰਜਾਂ ਭਰਾਵਾਂ ਦੀ ਰਗ ਰਗ ਵਿੱਚ ਵਸਿਆ ਹੋਇਆ ਹੈ। ਇਹਨਾਂ ਦੀਆਂ ਜੀਵਨ ਸਾਥਣਾਂ ਵੀ ਉਹਨਾਂ ਵਾਂਗ ਹੀ, ਉਨਾਂ ਵੱਲੋਂ ਮਾਂ ਬੋਲੀ ਪੰਜਾਬੀ ਦੀ ਚੜ੍ਹਦੀ ਕਲਾ ਲਈ ਅਰੰਭੇ ਕਾਰਜਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੀਆਂ ਹਨ। ਖਾਸ ਕਰ ਕਿਰਪਾਲ ਸਿੰਘ ਗਰਚਾ ਜੀ ਦੀ ਸਾਥਣ ਨਿਰਮਲ ਕੌਰ ਗਰਚਾ ਜੀ। ਅੱਧੀ ਸਦੀ ਪਹਿਲਾਂ, ਪਿੰਡ ਢੁੱਡੀਕੇ ਤੋਂ ਉੱਠ ਕੇ ਕਨੇਡਾ ਜਾ ਵਸੇ ਨਿਰਮਲ ਸਿੰਘ ਔਟਵਾ ਅਤੇ ਉਨ੍ਹਾਂ ਦੀ ਜੀਵਨ ਸਾਥਣ ਸੁਖਦੇਵ ਕੌਰ ਦੀ ਮਨੋ ਸਥਿਤੀ ਵੀ ਗਰਚਾ ਭਰਾਵਾਂ ਵਰਗੀ ਹੈ। ਅੱਜ ਕੱਲ ਇਹ ਵੀ ਕਨੇਡਾ ਦੀ ਰਾਜਧਾਨੀ ਔਟਵਾ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਪੂਰੀ ਤਰ੍ਹਾਂ ਸਰਗਰਮ ਹਨ ਅਤੇ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਦੀ ਔਟਵਾ ਇਕਾਈ ਦੇ ਸੰਚਾਲਕ ਹਨ। ਮੌਕਾ ਮਿਲਦਿਆਂ ਹੀ ਉਹ ਵੀ ਪੰਜਾਬ ਵੱਲ ਦੌੜ ਪੈਂਦੇ ਹਨ। ਅੱਜ ਕੱਲ ਪੰਜਾਬ ਹਨ ਅਤੇ ਭਾਈਚਾਰੇ ਦੀਆਂ ਸਰਗਰਮੀਆਂ ਵਿੱਚ ਵੱਧ ਚੜ ਕੇ ਹਿੱਸਾ ਲੈ ਰਹੇ ਹਨ।

ਕੁੱਝ ਸਾਲ ਪਹਿਲਾਂ ਕਿਰਪਾਲ ਸਿੰਘ ਗਰਚਾ ਜੀ ਨੂੰ ਮਿਉਂਸਪਲ ਕਮੇਟੀ ਬੰਗਾਂ ਦੇ ਦਫ਼ਤਰ, ਕਿਸੇ ਨਿੱਜੀ ਕੰਮ ਲਈ ਜਾਣਾ ਪਿਆ। ਉਥੇ ਉਨ੍ਹਾਂ ਨੇ ਦੇਖਿਆ ਕਿ ਕਮੇਟੀ ਦੇ ਕਰਮਚਾਰੀ, ਕਮੇਟੀ ਦੀਆਂ ਸਰਕਾਰੀ ਗੱਡੀਆਂ ਤੇ ਪੰਜਾਬੀ ਅੱਖਰਾਂ ਵਿੱਚ ਲਿਖੇ ਕਮੇਟੀ ਦੇ ਨਾਂਵਾਂ ਨੂੰ ਮਿਟਾ ਕੇ ਹਿੰਦੀ ਅੱਖਰਾਂ ਵਿੱਚ ਲਿਖ ਰਹੇ ਸਨ। ਮਾਂ ਬੋਲੀ ਪੰਜਾਬੀ ਨਾਲ ਹੋ ਰਹੇ ਇਸ ਵਿਤਕਰੇ ਨੇ ਉਹਨਾਂ ਨੂੰ ਧੁਰ ਅੰਦਰ ਤੱਕ ਹਿਲਾ ਦਿੱਤਾ। ਪਹਿਲਾਂ ਉਨ੍ਹਾਂ ਨੇ ਕਮੇਟੀ ਦੇ ਅਧਿਕਾਰੀਆਂ ਕੋਲ ਸਖ਼ਤ ਇਤਰਾਜ਼ ਜਤਾ ਕੇ ਇਹ ਧੱਕਾ ਬੰਦ ਕਰਵਾਇਆ। ਫੇਰ ਕਨੇਡਾ ਪਹੁੰਚ ਕੇ, ਮਾਂ ਬੋਲੀ ਨਾਲ ਪਿਆਰ ਕਰਨ ਵਾਲੇ ਆਪਣੇ ਦੋਸਤਾਂ ਨਾਲ ਗੱਲ ਕੀਤੀ ਅਤੇ ਇਸ ਵਰਤਾਰੇ ਨੂੰ ਪੱਕੇ ਤੌਰ ਤੇ ਰੋਕਣ ਲਈ ਯਤਨਸ਼ੀਲ ਹੋਣ ਲਈ ਪ੍ਰੇਰਿਆ। ਮਾਂ ਬੋਲੀ ਪੰਜਾਬੀ ਦੇ ਕਨੇਡਾ ਵਸਦੇ 5 ਜੇਠੇ ਪੁੱਤਰਾਂ (ਮੋਤਾ ਸਿੰਘ ਝੀਤਾ, ਕੁਲਦੀਪ ਸਿੰਘ, ਦਵਿੰਦਰ ਸਿੰਘ ਘਟੌੜਾ, ਸਤਿਨਾਮ ਸਿੰਘ ਜੌਹਲ ਅਤੇ ਡਾ. ਜਗਜੀਤ ਸਿੰਘ ਸਿੱਕਾ) ਨੇ ਉਨਾਂ ਦੀ ਹਾਂ ਵਿੱਚ ਹਾਂ ਮਿਲਾਈ ਅਤੇ ਪੰਜਾਬੀ ਭਾਸ਼ਾ ਦੇ ਸਰਕਾਰੇ ਦਰਬਾਰੇ ਖੁੱਸੇ ਸਤਿਕਾਰ ਨੂੰ ਬਹਾਲ ਕਰਾਉਣ ਲਈ ਤੁਰੰਤ ‘ਦੂਜੀ ਗਦਰ ਲਹਿਰ’ ਸ਼ੁਰੂ ਕਰਨ ਦਾ ਸੰਕਲਪ ਲੈ ਲਿਆ।

ਪੰਜਾਬੀ ਭਾਸ਼ਾ ਨੂੰ ਸੰਸਾਰ ਪੱਧਰ ਤੇ ਦਰਪੇਸ਼ ਸਮੱਸਿਆਵਾਂ ਦੇ ਗਹਿਰ ਗੰਭੀਰ ਅਧਿਐਨ ਅਤੇ ਫਿਰ ਉਹਨਾਂ ਸਮੱਸਿਆਵਾਂ ਦੇ ਹੱਲ ਲੱਭਣ ਲਈ ਇਸ ਗਰੁੱਪ ਵੱਲੋਂ ਸਾਲ 2018 ਵਿੱਚ ਕਨੇਡਾ ਦੇ ਚਾਰ ਸ਼ਹਿਰਾਂ ਵੈਨਕੂਵਰ ਐਡਮਿੰਟਨ ਕੈਲਗਰੀ ਅਤੇ ਵਿੰਨੀਪੈਗ ਵਿੱਚ ਵਿਸ਼ਵ ਪੰਜਾਬੀ ਸਮਾਗਮ ਰਚਾਏ ਗਏ। ਇਨ੍ਹਾਂ ਸਮਾਗਮਾਂ ਵਿੱਚ ਸੰਸਾਰ ਪੱਧਰ ਦੇ ਬੁੱਧੀਜੀਵੀਆਂ ਨੂੰ ਬੁਲਾਇਆ ਗਿਆ। ਪੰਜਾਬ ਦੀ ਨੁਮਾਇੰਦਗੀ ਮਿੱਤਰ ਸੈਨ ਮੀਤ ਅਤੇ ਮਹਿੰਦਰ ਸਿੰਘ ਸੇਖੋਂ ਨੇ ਕੀਤੀ।

ਕੈਨੇਡਾ ਵਿੱਚ ਹੋਏ ਇਸ ਸਮੁੰਦਰ ਮੰਥਨ ਬਾਅਦ ਨਿਕਲੇ ਸਿੱਟਿਆਂ ਨੂੰ ਅਮਲੀ ਰੂਪ ਦੇਣ ਲਈ ਇੱਕ ਅੰਤਰਰਾਸ਼ਟਰੀ ਸੰਸਥਾ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਦੀ ਸਥਾਪਨਾ ਕੀਤੀ ਗਈ।

ਪੰਜਾਬ ਆਉਂਦਿਆਂ ਹੀ ਇਸ ਸੰਸਥਾ ਦੀ ਪੰਜਾਬ ਇਕਾਈ ਵੱਲੋਂ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਸਰਗਰਮੀਆਂ ਅੱਜ ਤੱਕ ਜਾਰੀ ਹਨ ਅਤੇ ਇਨਾਂ ਦੇ ਉਸਾਰੂ ਸਿੱਟੇ ਵੀ ਨਿਕਲ ਰਹੇ ਹਨ। ਨਿਕਲੇ ਸਿੱਟਿਆਂ ਦੀ ਜਾਣਕਾਰੀ ਮਿੱਤਰ ਸੈਨ ਮੀਤ ਵੱਲੋਂ ਸਾਂਝੀ ਕੀਤੀ ਗਈ।

ਨੌਜਵਾਨਾਂ ਵਿੱਚ ਪੰਜਾਬੀ ਪ੍ਰਤੀ ਪਿਆਰ ਅਤੇ ਸਤਿਕਾਰ ਪੈਦਾ ਕਰਨ ਲਈ ਭਾਈਚਾਰੇ ਵੱਲੋਂ ਸਮਾਗਮਾਂ ਦੀ ਇੱਕ ਲੜੀ ਆਰੰਭੀ ਗਈ ਹੈ। ਸਿੱਖ ਨੈਸ਼ਨਲ ਕਾਲਜ ਬੰਗਾ ਦੀ ਖੁਸ਼ ਕਿਸਮਤੀ ਹੈ ਕਿ ਸਾਰੇ ਗਰਚਾ ਭਰਾ ਇਸੇ ਕਾਲਜ ਵਿੱਚ ਪੜ੍ਹੇ ਹਨ। ਜਵਾਨੀ ਸਮੇਂ ਦੀਆਂ ਸੁਨਹਿਰੀ ਯਾਦਾਂ ਗਰਚਾ ਹੋਰਾਂ ਨੂੰ ਅਕਸਰ ਕਾਲਜ ਵਲ ਧੂਹ ਲਿਜਾਂਦੀਆਂ ਹਨ।

ਸਮਾਗਮ ਦਾ ਪਹਿਲਾ ਸਨਮਾਨ ਪੱਖ

ਇਸੇ ਧੂਹ ਕਾਰਨ ਉਨਾਂ ਵੱਲੋਂ ਇਸ ਲੜੀ ਦਾ ਇਹ ਦਸਵਾਂ ਸਮਾਗਮ ‘ਆਪਣੇ’ ਸਿੱਖ ਨੈਸ਼ਨਲ ਕਾਲਜ ਬੰਗਾ ਵਿੱਚ ਰੱਖਿਆ ਗਿਆ। ਸਮਾਗਮ ਵਿੱਚ ਜਿੱਥੇ ਕੈਨੇਡਾ ਇਕਾਈ ਦੇ ਕਿਰਪਾਲ ਸਿੰਘ ਗਰਚਾ, ਸਤਨਾਮ ਸਿੰਘ ਜੌਹਲ, ਜਸਵਿੰਦਰ ਸਿੰਘ ਗਰਚਾ, ਨਿਰਮਲ ਸਿੰਘ ਔਟਵਾ, ਨਿਰਮਲ ਕੌਰ ਗਰਚਾ ਅਤੇ ਸੁਖਦੇਵ ਕੌਰ ਨੇ ਹਾਜ਼ਰੀ ਲਗਵਾਈ ਉੱਥੇ ਪੰਜਾਬ ਇਕਾਈ ਦੇ ਮਿੱਤਰ ਸੈਨ ਮੀਤ, ਮਹਿੰਦਰ ਸਿੰਘ ਸੇਖੋਂ, ਪ੍ਰੋ ਇੰਦਰਪਾਲ ਸਿੰਘ, ਸੁਖਿੰਦਰ ਪਾਲ ਸਿੰਘ ਸਿੱਧੂ, ਹਰਬੰਸ ਸਿੰਘ ਅਖਾੜਾ, ਮੇਜਰ ਸਿੰਘ ਛੀਨਾ, ਪ੍ਰੋ ਕਰਮ ਸਿੰਘ ਸੰਧੂ, ਸੁਰੇਸ਼ ਕੁਮਾਰ ਚੌਹਾਨ ਅਤੇ ਲੈਕਚਰਾਰ ਸੁਭਾਸ਼ ਕੁਮਾਰ ਹੋਰਾਂ ਨੇ ਵੀ ਸ਼ਿਰਕਤ ਕੀਤੀ। ਪੰਜਾਬੀ ਭਾਸ਼ਾ ਦੇ ਤਕਨੀਕੀ ਵਿਕਾਸ ਲਈ ਸੰਘਰਸ਼ਸ਼ੀਲ, ਯੂਕੇ ਤੋਂ ਆਏ ਸਿੰਦਰਪਾਲ ਸਿੰਘ ਹੋਰਾਂ ਦੀ ਹਾਜ਼ਰੀ ਨੇ ਸਮਾਗਮ ਦੀ ਹੋਰ ਸ਼ੋਭਾ ਵਧਾ ਦਿੱਤੀ।

ਇਸ ਕਾਲਜ ਦੇ ਪੰਜਾਬੀ ਭਾਸ਼ਾ ਵਿੱਚ ਸਾਹਿਤ ਸਿਰਜਣ, ਸ਼ੁੱਧ ਪੰਜਾਬੀ ਉਚਾਰਨ, ਗਾਇਨ ਅਤੇ ਸੋਹਣੀ ਲਿਖਾਈ ਰਾਹੀਂ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪਸਾਰ ਵਿੱਚ ਪ੍ਰਸ਼ੰਸਾਯੋਗ ਯੋਗਦਾਨ ਪਾਉਣ ਵਾਲੇ 10 ਵਿਦਿਆਰਥੀਆਂ (ਗੁਰਪ੍ਰੀਤ ਸਿੰਘ, ਸੁਖਮਨਵੀਰ ਸਿੰਘ, ਇੰਦਰਪ੍ਰੀਤ ਕੌਰ, ਸ਼ਾਹਿਦ ਅਲੀ, ਸੰਜਨਾ, ਪ੍ਰਵੀਨ, ਮਨਜਿੰਦਰ ਕੌਰ, ਸਿਮਰਨ, ਹਰਮਨਦੀਪ ਕੌਰ ਅਤੇ ਯੁਵਰਾਜ ਸਿੰਘ) ਨੂੰ ਪ੍ਰਮਾਣ ਪੱਤਰਾਂ, ਮੈਡਲਾਂ, ਪੁਸਤਕਾਂ ਅਤੇ ਬੈਗਾਂ ਨਾਲ ਸਨਮਾਨਿਤ ਕੀਤਾ ਗਿਆ।

ਸਨਮਾਨਿਤ ਕੁਝ ਵਿਦਿਆਰਥੀਆਂ ਦੀ ਯਾਦਗਾਰੀ ਤਸਵੀਰ

ਇੱਕਲੇ ਇੱਕਲੇ ਵਿਦਿਆਰਥੀ ਦੇ ਸਨਮਾਨ ਦੇ ਯਾਦਗਾਰੀ ਪਲ

ਸਮਾਗਮ ਦਾ ਦੂਜਾ -ਚਿੰਤਨ ਪੱਖ

ਪ੍ਰਧਾਨਗੀ ਮੰਡਲ
ਨਿਰਮਲ ਕੌਰ ਗਰਚਾ, ਪ੍ਰਿੰਸੀਪਲ ਤਰਸੇਮ ਸਿੰਘ ਭਿੰਡਰ, ਕਿਰਪਾਲ ਸਿੰਘ ਗਰਚਾ, ਮਿੱਤਰ ਸੈਨ ਮੀਤ, ਜਸਵਿੰਦਰ ਸਿੰਘ ਗਰਚਾ ਰਚਾ ਅਤੇ ਨਿਰਮਲ ਸਿੰਘ ਔਟਵਾ

ਉਤਸ਼ਾਹ ਨਾਲ ਭਰੇ ਵਿਦਿਆਰਥੀ ਅਤੇ ਮਹਿਮਾਨਾਂ ਦੀ ਹਾਜ਼ਰੀ

‘ਪੰਜਾਬੀ ਭਾਸ਼ਾ ਨੂੰ ਦਰਪੇਸ਼ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ’

ਵਿਸ਼ੇ ਤੇ ਬਾਹਰੋਂ ਆਏ ਵਿਦਵਾਨਾਂ ਵੱਲੋਂ ਚਿੰਤਨ ਕੀਤਾ ਗਿਆ। ਚਿੰਤਨ ਵਿੱਚ ਕਿਰਪਾਲ ਸਿੰਘ ਗਰਚਾ ਜਸਵਿੰਦਰ ਸਿੰਘ ਗਰਚਾ, ਸਤਨਾਮ ਸਿੰਘ ਜੌਹਲ, ਨਿਰਮਲ ਸਿੰਘ ਔਟਵਾ, ਪ੍ਰਿੰਸੀਪਲ ਤਰਸੇਮ ਸਿੰਘ ਭਿੰਡਰ, ਮਿੱਤਰ ਸੈਨ ਮੀਤ , ਮਹਿੰਦਰ ਸਿੰਘ ਸੇਖੋਂ, ਹਰਬੰਸ ਸਿੰਘ ਅਖਾੜਾ ਅਤੇ ਪ੍ਰੋਫੈਸਰ ਇੰਦਰਪਾਲ ਸਿੰਘ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ।

ਵਿਦਿਆਰਥੀ ਆਪਣੀ ਆਪਣੀ ਕਲਾ ਦਾ ਜ਼ੋਹਰ ਦਿਖਾਉਂਦੇ ਹੋਏ

ਸਮਾਗਮ ਦਾ ਤੀਜਾ -ਸਤਿਕਾਰ ਪੱਖ

ਵਿਦਿਆਰਥੀਆਂ ਵਿੱਚ ਪੰਜਾਬੀ ਪ੍ਰਤੀ ਰੁਚੀ ਪੈਦਾ ਕਰਨ ਲਈ ਕਾਲਜ ਦੇ ਪ੍ਰਿੰਸੀਪਲ ਤਰਸੇਮ ਸਿੰਘ ਭਿੰਡਰ ਅਤੇ ਪੰਜਾਬੀ ਵਿਭਾਗ ਦੀ ਮੁਖੀ ਡਾਕਟਰ ਨਿਰਮਲ ਪ੍ਰੀਤ ਕੌਰ ਦਾ ਭਾਈਚਾਰਾ ਵੱਲੋਂ ਪੁਸਤਕਾਂ ਨਾਲ ਸਤਿਕਾਰ ਕੀਤਾ ਗਿਆ।

ਕਾਲਜ ਵੱਲੋਂ ਭਾਈਚਾਰੇ ਦੇ ਕਾਰਕੁਨਾਂ ਦਾ ਸਤਿਕਾਰ

ਸਮਾਗਮ ਨੂੰ ਸਫ਼ਲਤਾ ਪੂਰਵਕ ਸਿਰੇ ਚਾੜਨ ਵਿੱਚ ਕਾਲਜ ਦੇ ਸਟਾਫ਼ ਦਾ ਯੋਗਦਾਨ

ਕਾਲਜ ਦੇ ਪੰਜਾਬੀ ਵਿਭਾਗ ਦੇ ਪ੍ਰੋ.ਤਜਿੰਦਰ ਸਿੰਘ, ਡਾ. ਪੂਜਾ, ਪ੍ਰੋ.ਹਰਪ੍ਰੀਤ ਕੌਰ ਅਤੇ ਪ੍ਰੋ.ਹਰਪਾਲ ਕੌਰ ਦੇ ਨਾਲ ਨਾਲ ਬਾਕੀ ਵਿਭਾਗਾਂ ਦੇ ਪ੍ਰੋ. ਆਬਿਧ ਵਕਾਰ, ਡਾ. ਕਮਲਦੀਪ ਕੌਰ, ਡਾ. ਅੰਮ੍ਰਿਤ ਕੌਰ, ਅਤੇ ਡਾ. ਇੰਦੂਰੱਤੀ ਨੇ ਵੀ ਸਮਾਗਮ ਦੀ ਰੌਣਕ ਵਧਾਈ।

ਅਖ਼ੀਰ ਵਿਚ ਡਾ. ਇੰਦੁਰੱਤੀ ਵਲੋਂ ਸਮਾਗਮ ਵਿੱਚ ਹਾਜ਼ਰ ਵਿਦਿਆਰਥੀਆਂ ਤੇ ਪਤਵੰਤਿਆਂ ਦਾ ਧੰਨਵਾਦ ਕੀਤਾ ਗਿਆ।

ਸਾਰੇ ਸਮਾਗਮ ਦੀ ਰੂਹੇ ਰਵਾਂ

ਪੰਜਾਬੀ ਵਿਭਾਗ ਦੀ ਮੁਖੀ ਡਾਕਟਰ ਨਿਰਮਲ ਪ੍ਰੀਤ ਕੌਰ

ਪੰਜਾਬੀ ਵਿਭਾਗ ਦੀ ਮੁਖੀ ਡਾਕਟਰ ਨਿਰਮਲ ਪ੍ਰੀਤ ਕੌਰ

ਇਸ ਸਮਾਗਮ ਨੇ ਜਿੱਥੇ ਵਿਦਿਆਰਥੀਆਂ ਵਿੱਚ ਪੰਜਾਬੀ ਭਾਸ਼ਾ ਪ੍ਰਤੀ ਸਤਿਕਾਰ ਪੈਦਾ ਕੀਤਾ ਉੱਥੇ ਸਮਾਗਮ ਦੀ ਸਫਲਤਾ ਨੇ ਪ੍ਰਬੰਧਕਾਂ ਨੂੰ ਵੀ ਉਤਸ਼ਾਹਿਤ ਕੀਤਾ।

ਮੀਡੀਆ ਸਹਿਯੋਗ