ਪਹਿਲੇ -‘ਵਿਸ਼ਵ ਪੰਜਾਬੀ ਸੰਮੇਲਨ ਕੈਨੇਡਾ 2018’ -ਦੀ ਰਿਪੋਰਟ

ਪਹਿਲੇ ‘ਵਿਸ਼ਵ ਪੰਜਾਬੀ ਸੰਮੇਲਨ ਕੈਨੇਡਾ-2018’ ਦੀ ਰਿਪੋਰਟ

(10 ਜੂਨ 2018 ਨੂੰ ਵੈਨਕੂਵਰ ਵਿਚ ਹੋਏ ਪਹਿਲੇ ‘ਵਿਸ਼ਵ ਪੰਜਾਬੀ ਸੰਮੇਲਨ’ ਦੀ ਮਿੱਤਰ ਸੈਨ ਮੀਤ ਵਲੋਂ ਤਿਖਾਰ ਕੀਤੀ ਸੰਖੇਪ ਰਿਪੋਰਟ )

ਪ੍ਰਬੰਧਕੀ ਸੰਸਥਾਵਾਂ ਅਤੇ ਵਿਅਕਤੀ

         (1) ਪੰਜਾਬੀ ਭਾਸ਼ਾ ਦੇ ਆਉਣ ਵਾਲੀ ਅੱਧੀ ਸਦੀ ਵਿਚ ਅਲੋਪ ਹੋ ਜਾਣ ਦੀ ਭਵਿੱਖਬਾਣੀ ਨੇ ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਸਟੇਟ ਵਿਚ ਸਿੱਖ ਸਮਾਜ ਦੀ ਪ੍ਰਤੀਨਿਧਤਾ ਕਰਦੀਆਂ ਦੋ ਸੰਸਥਾਵਾਂ ‘ਕੈਨੇਡੀਅਨ ਸਿੱਖ ਸਟਡੀ ਐਂਡ ਟੀਚਿੰਗ ਸੋਸਾਇਟੀ’ ਅਤੇ ‘ਫ਼ੈਡਰੇਸ਼ਨ ਆਫ਼ ਸਿੱਖ ਸੋਸਾਇਟੀਜ਼ ਕੈਨੇਡਾ’ ਦੇ ਮੈਂਬਰਾਂ ਨੂੰ ਚਿੰਤਤ ਕੀਤਾ। ਸੰਸਥਾਵਾਂ ਨੇ ਇਸ ਸਮੱਸਿਆ ਦੀ ਜੜ੍ਹ ਤੱਕ ਪਹੁੰਚਣ ਅਤੇ ਫੇਰ ਹੱਲ ਤਲਾਸ਼ਣ ਲਈ ਇੱਕ ਗੰਭੀਰ ਯਤਨ ਦੇ ਤੌਰ ਤੇ, ਇਸ ਵਿਸ਼ੇ ਦੇ ਵਿਸ਼ਵ ਪੱਧਰ ਦੇ ਵਿਦਵਾਨਾਂ ਅਤੇ ਐਕਟਵਿਸਟਾਂ ਨੂੰ ਬੁਲਾ ਕੇ ਉਨ੍ਹਾਂ ਦੇ ਵਿਚਾਰ ਸੁਣਨ ਦਾ ਫ਼ੈਸਲਾ ਕੀਤਾ। ਇਸ ਫੈਸਲੇ ਨਾਲ ਪਹਿਲੇ ‘ਵਿਸ਼ਵ ਪੰਜਾਬੀ ਸੰਮੇਲਨ’ ਦੇ ਆਯੋਜਨ ਦੀ ਨੀਂਹ ਟਿਕੀ। ਸੰਮੇਲਨ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਦੋਵੇਂ ਸੰਸਥਾਵਾਂ ਦੇ ਅਹੁਦੇਦਾਰਾਂ ਅਤੇ ਵੈਨਕੂਵਰ ਦੀਆਂ ਮੰਨੀਆਂ-ਪਰਮੰਨੀਆਂ ਛੇ ਸਖ਼ਸ਼ੀਅਤਾਂ (ਮੋਤਾ ਸਿੰਘ ਝੀਤਾ, ਸਤਨਾਮ ਸਿੰਘ ਜੌਹਲ, ਦਵਿੰਦਰ ਸਿੰਘ ਘਟੌਰਾ, ਜਸਬੀਰ ਸਿੰਘ ਗੰਧਮ, ਕੁਲਦੀਪ ਸਿੰਘ ਅਤੇ ਕਿਰਪਾਲ ਸਿੰਘ ਗਰਚਾ। ) ਦੇ ਮੋਢਿਆਂ ‘ਤੇ ਪਾਈ ਗਈ।

ਉਕਤ : ਦਵਿੰਦਰ ਸਿੰਘ ਘਟੌਰਾ, ਕਿਰਪਾਲ ਸਿੰਘ ਗਰਚਾ, ਡਾ ਪੂਰਨ ਸਿੰਘ ਗਿੱਲ, ਮੋਤਾ ਸਿੰਘ ਝੀਤਾ, ਸਤਨਾਮ ਸਿੰਘ ਜੌਹਲ, ਅਤੇ ਕੁਲਦੀਪ ਸਿੰਘ ( ‘ਕੈਨੇਡੀਅਨ ਸਿੱਖ ਸਟਡੀ ਐਂਡ ਟੀਚਿੰਗ ਸੋਸਾਇਟੀ’ ਅਤੇ ‘ਫ਼ੈਡਰੇਸ਼ਨ ਆਫ਼ ਸਿੱਖ ਸੋਸਾਇਟੀਜ਼ ਕੈਨੇਡਾ’ ਦੇ ਸੰਸਥਾਪਕ ਮੈਂਬਰ ਅਤੇ ਕਰਤਾ-ਧਰਤਾ। )

ਥੀਮ : ਪੰਜਾਬੀ, ਹਰ ਪੰਜਾਬੀ ਬੋਲਣ ਵਾਲੇ ਦੀ ਮਾਂ ਬੋਲੀ ਹੈ

ਦੂਜੇ ਧਰਮਾਂ ਅਤੇ ਵਿਚਾਰਧਾਰਾਵਾਂ ਨਾਲ ਸਬੰਧਿਤ ਪੰਜਾਬੀ ਇਹ ਸਮਝ ਸਕਦੇ ਸਨ ਕਿ ਸੰਮੇਲਨ ਸਿੱਖਾਂ ਵੱਲੋਂ, ਸਿੱਖਾਂ ਲਈ ਅਤੇ ਪੰਜਾਬੀ ਨੂੰ ਕੇਵਲ ਸਿੱਖਾਂ ਦੀ ਭਾਸ਼ਾ ਸਥਾਪਤ ਕਰਨ ਦੇ ਉਦੇਸ਼ ਨਾਲ ਕੀਤਾ ਜਾ ਰਿਹਾ ਹੈ। ਇਸ ਕਾਰਨ ਉਹਨਾਂ ਦੇ ਸੰਮੇਲਨ ਤੋਂ ਉਦਾਸੀਨ ਹੋਣ ਦੀ ਪੂਰੀ ਸੰਭਾਵਨਾ ਸੀ। ਇਸ ਭੁਲੇਖੇ ਨੂੰ ਦੂਰ ਕਰਨ ਲਈ, ਪ੍ਰਬੰਧਕਾਂ ਨੇ ਇਹ ਤਹੱਈਆ ਕੀਤਾ ਕਿ ਹਰ ਤਬਕੇ ਦੇ ਪੰਜਾਬੀ ਨੂੰ ,ਪੰਜਾਬੀ ਭਾਸ਼ਾ ਦੀ ਹੋਂਦ ਨੂੰ ਖੜ੍ਹੇ ਹੋਏ ਖ਼ਤਰੇ ਤੋਂ ਜਾਣੂ ਕਰਵਾ ਕੇ, ਸਮੱਸਿਆ ਨਾਲ ਨਜਿੱਠਣ ਲਈ ਕੀਤੇ ਜਾਣ ਵਾਲੇ ਇਹਨਾਂ ਯਤਨਾਂ ਵਿਚ ਵੱਧ-ਚੜ੍ਹ ਕੇ ਯੋਗਦਾਨ ਪਾਉਣ ਲਈ ਪ੍ਰੇਰਿਤ ਜਾਵੇ। ਇਸ ਉਦੇਸ਼ ਦੀ ਪ੍ਰਾਪਤੀ ਲਈ ਗੁਰਦੁਆਰਿਆਂ ਦੇ ਨਾਲ-ਨਾਲ ਮੰਦਿਰਾਂ, ਮਸਜਿਦਾਂ ਅਤੇ ਚਰਚਾਂ ਵਿਚ ਜਾ ਕੇ ਮਾਂ ਬੋਲੀ ਪੰਜਾਬੀ ਦੇ ਧੀਆਂ-ਪੁੱਤਾਂ ਨਾਲ ਨਿੱਜੀ ਸੰਪਰਕ ਸਥਾਪਿਤ ਕੀਤਾ ਗਿਆ। ਹਰ ਵਿਚਾਰਧਾਰਾ ਨਾਲ ਸਬੰਧਿਤ ਲੇਖਕ ਸਭਾਵਾਂ, ਸਮਾਜਿਕ ਸੰਸਥਾਵਾਂ ਅਤੇ ਟਰੇਡ ਯੂਨੀਅਨਾਂ ਤੱਕ ਪਹੁੰਚ ਕੀਤੀ ਗਈ।  

‘ਵੈਨਕੂਵਰ ਸਾਹਿਤ ਵਿਚਾਰ ਮੰਚ’ – 5 ਜੂਨ

ਕੇਂਦਰੀ ਪੰਜਾਬੀ ਲੇਖਕ ਸਭਾ– 6 ਜੂਨ, 2018

ਸੰਮੇਲਨ ਦੀ ਰੂਪ-ਰੇਖਾ

       ਪ੍ਰਬੰਧਕਾਂ ਵੱਲੋਂ ਸੰਮੇਲਨ ਦੀ ਰੂਪ-ਰੇਖਾ ਬੜੀ ਸਿਆਣਪ ਨਾਲ ਉਲੀਕੀ ਗਈ । ਬੁਲਾਰੇ ਚੁਣਨ ਲੱਗਿਆਂ  ਸਾਵਧਾਨੀ ਵਰਤੀ ਗਈ। ਚੜ੍ਹਦੇ ਪੰਜਾਬ ਦੇ ਨਾਲ-ਨਾਲ ਪਾਕਿਸਤਾਨ ਅਤੇ ਅਮਰੀਕਾ ਦੇ ਵਿਦਵਾਨਾਂ ਨੂੰ ਵੀ ਪ੍ਰਤੀਨਿਧਤਾ ਦਿੱਤੀ। ਚੋਣ ਸਮੇਂ ਬੁਲਾਰੇ ਦੇ ਧਰਮ ਦੀ ਥਾਂ ਉਸ ਦੇ ਪੰਜਾਬੀ ਭਾਸ਼ਾ ਦੀ ਪ੍ਰਫ਼ੁਲਤਾ ਲਈ ਕੀਤੇ ਕੰਮ ਨੂੰ ਮਹੱਤਤਾ ਮਿਲੀ। ਬੁਲਾਰਿਆਂ ਨੂੰ ਜ਼ਿੰਮੇਵਾਰੀ ਉਹਨਾਂ ਦੀ ਆਪਣੇ ਵਿਸ਼ੇ ‘ਤੇ ਪਕੜ ਅਨੁਸਾਰ ਦਿੱਤੀ ਗਈ।ਪੰਜਾਬੀ ਬੋਲੀ ਅਤੇ ਭਾਸ਼ਾ ਦੀ ਜੜ੍ਹ ਤੋਂ ਫਲ ਤੱਕ ਪੁੱਜਣ ਦੀ ਕਹਾਣੀ ਭਾਸ਼ਾ ਵਿਗਿਆਨੀ ਪ੍ਰੋ.ਪਰਮਜੀਤ ਸਿੰਘ ਸਿੱਧੂ ਨੇ ਸੁਣਾਉਣੀ ਸੀ। ਚੜ੍ਹਦੇ ਪੰਜਾਬ ਵਿਚ ਪੰਜਾਬੀ ਦੀ ਹੋ ਰਹੀ ਦੁਰਦਸ਼ਾ ਦਾ, ਰਾਜ ਭਾਸ਼ਾ ਦਾ ਦਰਜਾ ਦੇਣ ਵਾਲੇ ਪੰਜਾਬ ਰਾਜ ਭਾਸ਼ਾ ਐਕਟ 1967 ਦੇ ਸੰਦਰਭ ਵਿਚ, ਲੇਖਾ-ਜੋਖਾ ਮੈਂ ਕਰਨਾ ਸੀ। ਪੰਜਾਬ ਅਤੇ ਕੇਂਦਰ ਸਰਕਾਰ ਦੇ ਦਫ਼ਤਰਾਂ ਅਤੇ ਅਦਾਰਿਆਂ ਦੇ ਹੁੰਦੇ ਕੰਮ-ਕਾਜ ਨੂੰ ਕੀਤੇ ਜਾਣ ਨੂੰ ਯਕੀਨੀ ਬਣਾਉਣ ਲਈ ਜ਼ਮੀਨੀ ਪੱਧਰ ਤੇ ਵਿੱਢੇ ਸੰਘਰਸ਼ ਅਤੇ ਸੰਘਰਸ਼ ਦੌਰਾਨ ਪੇਸ਼ ਆਉਂਦੀਆਂ ਔਕੜਾਂ ਦੀ ਹੱਡ-ਬੀਤੀ, ਸੰਘਰਸ਼ ਦੇ ਮੋਢੀ ਮਹਿੰਦਰ ਸਿੰਘ ਸੇਖੋਂ ਨੇ ਸੁਣਾਉਣੀ ਸੀ। ਪੰਜਾਬੀ ਨੂੰ ਕੈਨੇਡਾ ਵਿਚ ਬਣਦਾ ਥਾਂ ਦਿਵਾਉਣ ਲਈ ਪਿਛਲੇ ਦਹਾਕਿਆਂ ਵਿਚ ਹੋਏ ਯਤਨਾਂ, ਮਿਲੀਆਂ ਸਫ਼ਲਤਾਵਾਂ ਅਤੇ ਭਵਿੱਖ ਵਿਚ ਕੀਤੀਆਂ ਜਾਣ ਵਾਲੀਆਂ ਸਰਗਰਮੀਆਂ ਬਾਰੇ ਇਹਨਾਂ ਸੰਘਰਸ਼ਾਂ ਵਿਚ ਮੋਹਰੀ ਰਹੇ ਡਾ.ਗੁਰਵਿੰਦਰ ਸਿੰਘ ਧਾਲੀਵਾਲ ਨੇ ਦੱਸਣਾ ਸੀ। ਪੰਜਾਬੀ ਨੂੰ ਤਕਨੀਕੀ ਤੌਰ ‘ਤੇ ਵਿਕਸਿਤ ਕਰਕੇ ਸੰਸਾਰ ਦੀਆਂ ਹੋਰ ਵਿਕਸਿਤ ਭਾਸ਼ਾਵਾਂ (ਜਿਵੇਂ ਅੰਗਰੇਜ਼ੀ ਅਤੇ ਫਰੈਂਚ) ਦੇ ਹਾਣ ਦੀ ਕਿਵੇਂ ਬਣਾਇਆ ਜਾਵੇ, ਇਸ ਵਿਸ਼ੇ ‘ਤੇ ਰਹਿਨੁਮਾਈ ਸੰਸਾਰ ਪੱਧਰ ‘ਤੇ ਵਿਚਰਦੇ ਚਿੰਤਕ ਹਰਿੰਦਰ ਸਿੰਘ ਨੇ ਕਰਨੀ ਸੀ। 1

ਸੰਮੇਲਨ ਬਾਰੇ ਯੋਜਨਾ-ਬੱਧ ਪ੍ਰਚਾਰ

          ਸੰਮੇਲਨ ਵਿਚ ਉਠਾਏ ਜਾਣ ਵਾਲੇ ਮੁੱਦਿਆਂ ਨੂੰ ਵੱਧੋ-ਵੱਧ ਲੋਕਾਂ ਤੱਕ ਪਹੁੰਚਾਉਣ ਲਈ ਵੈਨਕੂਵਰ ਵਿਚ ਸਥਿਤ ਰੇਡੀਓ ਸਟੇਸ਼ਨਾਂ ਅਤੇ ਟੀ.ਵੀ. ਚੈਨਲਾਂ ਨਾਲ ਸੰਪਰਕ ਸਾਧਿਆ ਗਿਆ। ਪੰਜਾਬੋਂ ਆਉਣ ਵਾਲੇ ਤਿੰਨਾਂ ਬੁਲਾਰਿਆਂ ਦੇ ਵੈਨਕੂਵਰ ਪੁੱਜਣ ਵਾਲੇ (ਤਿੰਨ ਜੂਨ) ਦਿਨ ਤੋਂ ਲੈ ਕੇ ਸੰਮੇਲਨ ਦੀ ਪਹਿਲੀ ਸ਼ਾਮ(ਨੌ ਜੂਨ) ਤੱਕ ਰੇਡੀਓ ਅਤੇ ਟੀ ਵੀ ‘ਤੇ ਬੁਲਾਰਿਆਂ ਦੀਆਂ ਇੰਟਰਵਿਊਆਂ ਕਰਵਾ ਕੇ, ਕੇਵਲ ਵੈਨਕੂਵਰ ਵਾਸੀਆਂ ਨੂੰ ਹੀ ਨਹੀਂ ਸਗੋਂ ਸਾਰੀ ਦੁਨੀਆ ਵਿਚ ਵੱਸਦੇ ਪੰਜਾਬੀਆਂ ਨੂੰ, ਉਹਨਾਂ ਦੀ ਮਾਂ ਬੋਲੀ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਜਾਣੂ ਕਰਵਾਉਣ ਦੇ ਯਤਨ ਕੀਤੇ ਗਏ। ਸਮਾਗਮ ਤੋਂ ਪਹਿਲਾਂ ਚਾਰ ਟੀ.ਵੀ. ਚੈਨਲਾਂ ਅਤੇ ਪੰਜ ਰੇਡੀਓ ਸਟੇਸ਼ਨਾਂ ਤੇ ਇੰਟਰਵਿਊਆਂ ਹੋਈਆਂ।

ਪੰਡਾਲ ਦੀ ਸਜਾਵਟ ਅਤੇ  ਲੰਗਰ

            ਸਾਦਗੀ ਨਾਲ ਆਲੀਸ਼ਾਨ ਸਟੇਜ ਤਾਂ ਸਜਾਇਆ ਹੀ ਗਿਆ ਨਾਲ ਹਰ ਕੋਨੇ ਵਿਚ ਬੈਠੇ ਦਰਸ਼ਕਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਪੰਡਾਲ ਦੇ ਕੋਨੇ-ਕੋਨੇ ਵਿਚ ਵੱਡੇ ਐਲ.ਸੀ.ਡੀ. ਵੀ ਲਗਾਏ ਗਏ।

ਕੈਨੇਡਾ ਵਿਚ ਹੁੰਦੇ ਅਜਿਹੇ ਸਮਾਗਮਾਂ ਵਿਚ ਅਕਸਰ ਐਂਟਰੀ ਫ਼ੀਸ ਲੱਗਦੀ ਹੈ। ਕਈ ਵਾਰ ਇਹ ਫ਼ੀਸ ਸੌ-ਸੌ ਡਾਲਰ ਤੱਕ ਹੁੰਦੀ ਹੈ ਪਰ ਵਿਆਹ ਵਾਂਗ ਸਜੇ ਪੰਡਾਲ( ਅਸਲ ਵਿਚ 5 ਸਿਤਾਰਾ ਹੋਟਲ ਦਾ ਕਰਿਸਟ ਬੈਂਕੁਇਟ ਹਾਲ) ਵਿਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਚਾਹ, ਪਕੌੜੇ, ਮਠਿਆਈਆਂ ਅਤੇ ਖਾਣਾ ਲੰਗਰ ਦੀ ਤਰਜ਼ ‘ਤੇ ਵਰਤੇ1

ਸੈਂਕੜਿਆਂ ਦੀ ਗਿਣਤੀ ਵਿਚ ਦਰਸ਼ਕ

          ਪਹਿਲੀ ਪ੍ਰਦਰਸ਼ਨੀ

          ਸਟੀਵ ਪੁਰੇਵਾਲ ਇੰਗਲੈਂਡ ‘ਚ ਜੰਮੇ-ਪਲੇ ਹਨ। ਲੰਡਨ ਦੇ ਅਜਾਇਬ ਘਰਾਂ ਦੀ ਕਈ ਸਾਲ ਖਾਕ ਛਾਣ ਕੇ, ਉਨ੍ਹਾਂ ਨੇ ਪਹਿਲੇ ਵਿਸ਼ਵ ਯੁੱਧ ਵਿਚ ਪੰਜਾਬੀ ਫੌਜੀਆਂ ਦੇ ਦਿਖਾਏ ਜੌਹਰਾਂ ਦੀਆਂ ਤਸਵੀਰਾਂ ਲੱਭਣ ਵਿਚ ਸਫ਼ਲਤਾ ਪ੍ਰਾਪਤ ਕੀਤੀ। । ਕੈਨੇਡਾ ਵਿਚ ਜਨਮੀ ਨੌਜਵਾਨ ਪੰਜਾਬੀ ਪੀੜ੍ਹੀ ਨੂੰ ਆਪਣੇ ਵਿਰਸੇ ਤੋਂ ਜਾਣੂ ਕਰਵਾਉਣ ਲਈ, ਇਹਨਾਂ ਤਸਵੀਰਾਂ ਅਤੇ ਫੋਜੀਆਂ ਨੂੰ ਪ੍ਰਾਪਤ ਹੋਏ ਵੱਡੇ ਸਨਮਾਨਾਂ (ਮੈਡਲਾਂ, ਪ੍ਰਸ਼ੰਸਾ ਪੱਤਰਾਂ ਆਦਿ) ਦੀ ਪ੍ਰਦਰਸ਼ਨੀ, ਆਪਣੀ Indus Media Foundation ਵੱਲੋਂ, ‘ਇੱਜ਼ਤ’ ਥੀਮ ਹੇਠ ਲਾਈ। ਹਰਦੀਪ ਕੌਰ ਝੀਤਾ, ਜੋ ਮੋਤਾ ਸਿੰਘ ਝੀਤਾ ਜੀ ਦੀ ਨੂੰਹ ਹਨ, ਇਹਨਾਂ ਦੀ ਸਹਾਇਕ ਹਨ। L.A. Matheson ਦੇ ਬੱਚਿਆਂ (ਗੁਰਨੀਤ ਸੇਠੀ ਅਤੇ ਮਨਜੋਤ ਖਹਿਰਾ) ਨੇ, Annie Ohana ਅਤੇ  ਗੁਰਪ੍ਰੀਤ ਕੌਰ ਬੈਂਸ ਦੀ ਸਰਪ੍ਰਸਤੀ ਹੇਠ, ਗਦਰੀ ਲਹਿਰ ਦੌਰਾਨ ਲਿਖੀ ਗਈ ਕਵਿਤਾ ਅਤੇ ਯੁੱਧ-ਭੂਮੀ ਵਿਚੋਂ ਸੈਨਿਕਾਂ ਵੱਲੋਂ ਲਿਖੀਆਂ ਚਿੱਠੀਆਂ ਦਾ ਦਿਲਾਂ ਨੂੰ ਟੁੰਬਵਾਂ ਪਾਠ ਕਰਕੇ  ਦਰਸ਼ਕਾਂ ਨੂੰ ਕੀਲਿਆ।

ਸਟੀਵ ਪੁਰੇਵਾਲ ਅਤੇ
ਹਰਦੀਪ ਕੌਰ ਝੀਤਾ (ਖੱਬੇ)

ਦੂਜੀ ਪ੍ਰਦਰਸ਼ਨੀ

    ਪੰਡਾਲ ਦੇ ਇਕ ਕੋਨੇ ਵਿਚ ‘ਕੈਨੇਡੀਅਨ ਸਿੱਖ ਸਟਡੀ ਐਂਡ ਟੀਚਿੰਗ ਸੋਸਾਇਟੀ’ ਵੱਲੋਂ ਆਪਣੀਆਂ ਪ੍ਰਕਾਸ਼ਿਤ ਪੁਸਤਕਾਂ ਦੀ ਪ੍ਰਦਰਸ਼ਨੀ (ਸਟਾਲ) ਲਾਈ ਗਈ। ‘ਮਾਂ ਬੋਲੀ ਪੰਜਾਬੀ ਸਭਾ(ਪੰਜਾਬ)’ ਵੱਲੋਂ ਤਿਆਰ ਕੀਤੇ ‘ਵਿਸ਼ੇਸ਼ ਸੰਦੇਸ਼’ ਵੀ ਲੋਕਾਂ ਤੱਕ ਪੁੱਜਦੇ ਕੀਤੇ ਗਏ।

ਲੋਕਾਂ ਵੱਲੋਂ  ਭਰਵਾਂ ਹੁੰਘਾਰਾ

          ਪ੍ਰਬੰਧਕਾਂ ਦੀ ਹੱਡ-ਤੋੜਵੀਂ ਮਿਹਨਤ ਦਾ ਹਾਂ ਪੱਖੀ ਸਿੱਟਾ ਨਿਕਲਿਆ। ਵੱਖ-ਵੱਖ ਵਿਚਾਰਧਾਰਾਵਾਂ ਨਾਲ ਜੁੜੇ ਲੇਖਕਾਂ, ਆਰਟਿਸਟਾਂ, ਚਿੰਤਕਾਂ ਦੇ ਨਾਲ-ਨਾਲ ਮੀਡੀਏ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਵੱਡੀ ਗਿਣਤੀ ਵਿਚ ਸੰਮੇਲਨ ਵਿਚ ਸ਼ਿਰਕਤ ਕੀਤੀ। ਸ਼ੁਰੂ ਤੋਂ ਲੈ ਕੇ ਸਮਾਗਮ ਦੀ ਸਮਾਪਤੀ ਤੱਕ ਹਾਜ਼ਰ ਰਹਿ ਕੇ ਸਰੋਤਿਆਂ ਨੇ ਵਿਦਵਾਨਾਂ ਦੇ ਵਿਚਾਰ ਸੁਣੇ ਅਤੇ ਪ੍ਰਸ਼ਨਾਂ ਦੀ ਝੜੀ ਲਾ ਕੇ ਆਪਣੇ ਸ਼ੰਕੇ ਦੂਰ ਕੀਤੇ।

ਇਸ ਤਰ੍ਹਾਂ ਪੰਜਾਬੀ ਵਿਰਸੇ ਦੀ ਜਾਣਕਾਰੀ ਦੇ ਨਾਲ-ਨਾਲ ਇਸ ਸੰਮੇਲਨ ਵਿਚ ਪੰਜਾਬੀ ਭਾਸ਼ਾ ਦੀ ਜੜ੍ਹ ਤੋਂ ਲੈ ਕੇ ਮਿੱਠੇ ਫਲ ਤੱਕ ਪੁੱਜਣ ਦਾ ਸਫ਼ਰ ਤੈਅ ਹੋਇਆ। ਹਰ ਬੁਲਾਰੇ ਨੇ ਆਪਣੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਈ। ਪ੍ਰਬੰਧਕ ਅਗਲੀਆਂ ਯੋਜਨਵਾਂ ਉਲੀਕਣ ਲਈ ਉਤਸ਼ਾਹਿਤ ਹੋਏ।

ਬੁਲਾਰੇ ਅਤੇ ਉਹਨਾਂ ਦੇ ਪ੍ਰਵਚਨ

(ਪਹਿਲਾ) ਡਾ.ਗੁਰਵਿੰਦਰ ਸਿੰਘ ਧਾਲੀਵਾਲ: ਜਾਇਦਾਦਾਂ ਦਾ ਲੈਣ-ਦੇਣ ਕਰਨ ਵਾਲੇ ਵੈਨਕੂਵਰ ਦੇ ਵੱਡੇ ਵਪਾਰੀ (Realtor)।ਵੈਨਕੂਵਰ ਪ੍ਰੈਸ ਕਲੱਬ ਦੇ ਵਰਤਮਾਨ ਪ੍ਰਧਾਨ। ਉਨ੍ਹਾਂ ਨੇ ‘ਕੈਨੇਡਾ ਵਿਚ ਪੰਜਾਬੀ ਦੀ ਸਥਿਤੀ’ ਬਾਰੇ ਵਿਚਾਰ ਰੱਖੇ।

ਪ੍ਰਵਚਨ : https://www.youtube.com/watch?v=f9km5dMXQh0

(ਦੂਜਾ) ਮਹਿੰਦਰ ਸਿੰਘ ਸੇਖੋਂ: ਸਾਬਕਾ ਨੇਵੀ ਅਫ਼ਸਰ। ਉਹ ਪੰਜਾਬੀ ਨੂੰ ਸਰਕਾਰੀ, ਖਾਸ ਕਰ ਕੇਂਦਰ ਸਰਕਾਰ ਨਾਲ ਸਬੰਧਿਤ, ਦਫ਼ਤਰਾਂ ਅਤੇ ਅਦਾਰਿਆਂ ਵਿਚ ਲਾਗੂ ਕਰਨ ਲਈ ਜ਼ਮੀਨੀ ਪੱਧਰ ‘ਤੇ ਸਰਗਰਮ ਹਨ। ਉਨ੍ਹਾਂ ਨੇ ਪਿਛਲੇ ਸਾਲਾਂ ਵਿਚ ਕੀਤੀਆਂ ਆਪਣੀਆਂ ਸਰਗਰਮੀਆਂ ਦੀ ਜਾਣਕਾਰੀ ਦਿੱਤੀ।

ਪ੍ਰਵਚਨ :  https://www.youtube.com/watch?v=o0woIb25_98

(ਤੀਜਾ) ਮਿੱਤਰ ਸੈਨ ਮੀਤ: ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਦੇਣ ਵਾਲੇ ‘ਪੰਜਾਬ ਰਾਜ ਭਾਸ਼ਾ ਐਕਟ 1967’ ਦੀਆਂ ਉਹ ਕਾਨੂੰਨੀ ਚੋਰ-ਮੋਰੀਆਂ ਜੋ ਪੰਜਾਬੀ ਨੂੰ ਸਰਕਾਰ, ਵਪਾਰ ਅਤੇ ਰੁਜ਼ਗਾਰ ਦੀ ਭਾਸ਼ਾ ਬਣਨ ਵਿਚ ਅੜਿੱਕਾ ਅੜਾ ਰਹੀਆਂ ਹਨ, ਲੋਕਾਂ ਸਾਹਮਣੇ ਰੱਖੀਆਂ।

ਪ੍ਰਵਚਨ :   https://www.youtube.com/watch?v=RQVJl0ibeC4

ਚੌਥਾ) ਪ੍ਰੋ.ਪਰਮਜੀਤ ਸਿੰਘ ਸਿੱਧੂ: ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ। ਭਾਸ਼ਾ ਵਿਗਿਆਨੀ।। ਪੰਜਾਬੀ ਭਾਸ਼ਾ ਦੀ ਉਤਪਤੀ ਅਤੇ ਵਿਕਾਸ ‘ਤੇ ਚਰਚਾ ਕੀਤੀ।

ਪ੍ਰਵਚਨ:   https://youtu.be/rix8yJMEmPA?si=snhR0sr1HUgHNtYH

 (ਪੰਜਵਾਂ) ਹਰਿੰਦਰ ਸਿੰਘ: ਅਮਰੀਕਾ ਨਿਵਾਸੀ। ਉੱਚ ਤਕਨੀਕੀ ਸਿੱਖਿਆ ਪ੍ਰਾਪਤ (BSc in Aerospace Engineering, MS in Engineering Management) ਸਿੱਖ ਚਿੰਤਕ। ਬਹੁਤ ਸਾਰੀਆਂ ਸਿੱਖ ਸੰਸਥਾਵਾਂ ਦੇ ਸੰਸਥਾਪਕ (Sikh Research Institute and the Panjab Digital Library)। ਪੰਜਾਬੀ ਨੂੰ ਤਕਨੀਕੀ ਤੌਰ ‘ਤੇ ਵਿਕਸਤ ਕਰਕੇ ਵਿਸ਼ਵ ਪੱਧਰ ਦੀਆਂ ਹੋਰ ਭਾਸ਼ਾਵਾਂ ਦੇ ਹਾਣ ਦੀ ਕਿਵੇਂ ਬਣਾਇਆ ਜਾਵੇ, ਇਹ ਗੁਰ ਦੱਸੇ।

ਪ੍ਰਵਚਨ :  https://www.youtube.com/watch?v=jr0npkYzZYs

ਵੀਡੀਓ ਕਾਨਫ਼ਰੰਸਿੰਗ ਰਾਹੀਂ : ਡਾਕਟਰ ਅਸਮਾ ਕਾਦਰੀ- ਪੰਜਾਬ ਯੂਨੀਵਰਸਟੀ ਲਾਹੌਰ

ਕਿਸੇ ਮਜਬੂਰੀ ਕਾਰਨ ਡਾਕਟਰ ਅਸਮਾ ਕਾਦਰੀ ਜੀ ਸੰਮੇਲਨ ਵਿਚ ਸ਼ਾਮਲ ਨਹੀਂ ਹੋ ਸਕੇ। ਉਨ੍ਹਾਂ ਨੇ ਆਪਣੀ ਸ਼ਿਰਕਤ ਵੀਡੀਓ ਕਾਨਫ਼ਰੰਸਿੰਗ ਰਾਹੀਂ ਕੀਤੀ।

ਪ੍ਰਵਚਨ ਦਾ ਲਿੰਕ https://youtu.be/DHx-fM9kx7M


ਮੰਚ ਸੰਚਾਲਨ : ਡਾ.ਕਮਲਜੀਤ ਕੌਰ: ਪੰਜਾਬੀ ਵਿਚ ਪੀ.ਐਚ.ਡੀ., ਗਾਗਰ ਵਿਚ ਸਾਗਰ ਭਰਨ ਵਾਲੀ, ਮਿੱਠ ਬੋਲੜੀ ਮੰਚ ਸੰਚਾਲਕ।

—————————————————-

ਸਟੇਜ ਦੀ ਜਿੰਮੇਵਾਰੀ ਬਾਖੂਬੀ ਨਿਭਾਈ ਕੁਲਦੀਪ ਸਿੰਘ ਨੇ

ਅਖੀਰ ਵਿਚ ਆਏ ਮਹਿਮਾਂਨਾਂ ਦਾ ਧੰਨਵਾਦ ਕੀਤਾ ਮੋਤਾ ਸਿੰਘ ਝੀਤਾ ਜੀ ਨੇ

ਸਤਨਾਮ ਸਿੰਘ ਜੌਹਲ