ਛੇਵਾਂ ਸਮਾਗਮ – ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਅਯਾਲੀ ਖੁਰਦ
———————————————–
ਸਰਕਾਰੀ ਸਕੂਲਾਂ ਵਿੱਚ ਪ੍ਰਵਾਸੀਆਂ ਨੂੰ ਪੜਨੀ ਪੈ ਰਹੀ ਹੈ ਪੰਜਾਬੀ
————————-
ਇਹ ਸਿੱਟਾ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਅਯਾਲੀ ਖੁਰਦ ‘ਚ ਕਰਵਾਏ ਛੇਵੇਂ ਸਮਾਗਮ ਚੋਂ ਨਿਕਲਿਆ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਯਾਲੀ ਖ਼ੁਰਦ ਵਿੱਚ 1300 ਦੇ ਕਰੀਬ ਵਿਦਿਆਰਥੀ ਹਨ। ਲੁਧਿਆਣਾ ਸ਼ਹਿਰ ਦੀ ਹੱਦ ਦੇ ਨਾਲ ਲੱਗਦਾ ਹੋਣ ਕਾਰਨ ਸਕੂਲ ਵਿੱਚ ਅੱਧੇ ਤੋਂ ਵੱਧ ਵਿਦਿਆਰਥੀ ਪ੍ਰਵਾਸੀ ਪਰਿਵਾਰਾਂ ਦੇ ਹਨ। ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਮਾਧਿਅਮ ਪੰਜਾਬੀ ਹੈ। ਹਰ ਜ਼ਮਾਤ ਵਿੱਚ ਪੰਜਾਬੀ ਭਾਸ਼ਾ ਦੀ ਪੜ੍ਹਾਈ ਲਾਜ਼ਮੀ ਵਿਸ਼ੇ ਦੇ ਤੌਰ ਤੇ ਵੀ ਕਰਵਾਈ ਜਾਂਦੀ ਹੈ।
ਇਸ ਲਈ ਪ੍ਰਵਾਸੀ ਵਿਦਿਆਰਥੀਆਂ ਦਾ ਕੰਮ ਚਲਾਊ ਪੰਜਾਬੀ ਸਿੱਖ ਕੇ ਪੂਰਾ ਨਹੀਂ ਪੈਂਦਾ। ਇਮਤਿਹਾਨ ਵਿੱਚ ਉੱਚੀ ਪੁਜੀਸ਼ਨ ਪ੍ਰਾਪਤ ਕਰਨ ਲਈ ਉਨਾਂ ਨੂੰ, ਹਰ ਪੱਧਰ ਤੇ, ਪੰਜਾਬੀ ਭਾਸ਼ਾ ਤੇ ਪਕੜ ਮਜ਼ਬੂਤ ਕਰਨੀ ਪੈਂਦੀ ਹੈ।
ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੀ ਜਗਰਾਉਂ ਇਕਾਈ ਦੇ ਸੰਚਾਲਕ ਸ੍ਰ ਅਵਤਾਰ ਸਿੰਘ ਨੇ ਸਾਰੀ ਉਮਰ ਸਕੂਲਾਂ ਵਿੱਚ ਨਿਠ ਕੇ ਪੰਜਾਬੀ ਪੜ੍ਹਾਈ ਹੀ ਨਹੀਂ ਸਗੋਂ ਪੰਜਾਬੀ ਵਿੱਚ ਉੱਚ ਪੱਧਰ ਦਾ ਸਾਹਿਤ ਵੀ ਰਚਿਆ ਹੈ। ਅੱਸੀਵਿਆਂ ਨੂੰ ਢੁੱਕ ਕੇ ਵੀ ਉਹ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪਸਾਰ ਲਈ ਮੋਹਰੀ ਸਫ਼ਾਂ ਵਿੱਚ ਰਹਿ ਕੇ ਕੰਮ ਕਰਦੇ ਹਨ।
ਅਯਾਲੀ ਸਕੂਲ ਦੀ ਪ੍ਰਿੰਸੀਪਲ ਕੰਵਲਜੋਤ ਕੌਰ ਉਨਾਂ ਦੀ ਬੇਟੀ ਹੈ। ਪ੍ਰਿੰਸੀਪਲ ਸਾਹਿਬਾ ਨੂੰ ਪੰਜਾਬੀ ਪ੍ਰਤੀ ਮੋਹ ਗੁੜ੍ਹਤੀ ਵਿੱਚ ਮਿਲਿਆ ਹੈ। ਆਪਣੇ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰਕ ਸਰਗਰਮੀਆਂ ਲਈ ਉਤਸਾਹਿਤ ਕਰਕੇ ਉਹ ਆਪਣੀ ਗੁੜ੍ਹਤੀ ਦਾ ਪੂਰਾ ਮੁੱਲ ਉਤਾਰ ਰਹੇ ਹਨ।
ਪੰਜਾਬੀ ਅਧਿਆਪਕਾ ਜਸਰੀਨ ਕੌਰ ਪੰਜਾਬੀ ਸੱਭਿਆਚਾਰ ਨੂੰ ਪੂਰੀ ਤਰ੍ਹਾਂ ਸਮਰਪਤ ਹਨ। ਉਨਾਂ ਦੀ ਸੁਚੱਜੀ ਅਗਵਾਈ ਵਿੱਚ ਵਿਦਿਆਰਥੀ ਦਿਨ ਦੁਗਣੀ ਅਤੇ ਰਾਤ ਚੌਗਣੀ ਤਰੱਕੀ ਕਰ ਰਹੇ ਹਨ।
ਖੁਸ਼ੀ ਵਾਲੀ ਗੱਲ ਇਹ ਹੈ ਕਿ ਅਜਿਹੀਆਂ ਸਖਸ਼ੀਅਤਾਂ ਦੀ ਅਗਵਾਹੀ ਵਿਚ ਪੰਜਾਬੀਆਂ ਦੇ ਨਾਲ ਨਾਲ ਪਰਵਾਸੀ ਪਰਿਵਾਰਾਂ ਦੇ ਵਿਦਿਆਰਥੀ ਵੀ ਪੰਜਾਬੀ ਵਿੱਚ ਮੁਹਾਰਤ ਹਾਸਲ ਕਰਦੇ ਜਾ ਰਹੇ ਹਨ ਅਤੇ ਪੰਜਾਬੀ ਦੇ ਭਵਿੱਖ ਨੂੰ ਉੱਜਲ ਕਰ ਰਹੇ ਹਨ।
ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਵੱਲੋਂ ਪੰਜਾਬੀ ਭਾਸ਼ਾ ਪ੍ਰਤੀ ਬੱਚਿਆਂ ਵਿੱਚ ਰੁਚੀ ਪੈਦਾ ਕਰਨ ਦੇ ਉਦੇਸ਼ ਨਾਲ ਆਰੰਭੀ ਗਈ ਸਮਾਗਮਾਂ ਦੀ ਲੜੀ ਦਾ ਛੇਵਾਂ ਸਮਾਗਮ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਯਾਲੀ ਖ਼ੁਰਦ ਵਿੱਚ ਕੀਤਾ ਗਿਆ।
ਸਮਾਗਮ ਦਾ ਪ੍ਰਬੰਧ ਲਾਇਬਰੇਰੀ ਵਿੱਚ ਕੀਤਾ ਗਿਆ ਸੀ। ਹਾਲ ਵਿਦਿਆਰਥੀਆਂ ਨਾਲ ਖਚਾਖਚ ਭਰਿਆ ਹੋਇਆ ਸੀ।


ਵਿਦਿਆਰਥੀਆਂ ਨੂੰ ਪੰਜਾਬੀ ਪੜਨੀ ਕਿਉਂ ਜਰੂਰੀ ਇਸ ਵਿਸ਼ੇ ਤੇ ਅਵਤਾਰ ਸਿੰਘ ਦਵਿੰਦਰ ਸਿੰਘ ਘਟੌੜਾ ਅਤੇ ਪ੍ਰੋਫੈਸਰ ਇੰਦਰਪਾਲ ਸਿੰਘ ਨੇ ਜਾਣਕਾਰੀ ਦਿੱਤੀ।



ਪੁਰਸਕਾਰ ਜੇਤੂ ਵਿਦਿਆਰਥੀਆਂ ਨੇ ਆਪਣੀ ਆਪਣੀ ਕਲਾ ਦੇ ਜੌਹਰ ਵੀ ਦਿਖਾਏ।








ਸਾਹਿਤ-ਸਿਰਜਣ, ਪੰਜਾਬੀ ਸ਼ੁੱਧ ਉਚਾਰਨ, ਗਾਇਨ ਅਤੇ ਸੁੰਦਰ ਲਿਖਾਈ ਲਈ ਸਕੂਲ ਦੇ ਨੌ ਵਿਦਿਆਰਥੀਆਂ, ਹਰਸ਼ਿਤਾ (ਬਾਰਵੀਂ), ਅੰਜਲੀ (ਬਾਰਵੀਂ), ਨਰਿੰਦਰ ਸਿੰਘ (ਬਾਰਵੀਂ), ਹੁਨਰਪ੍ਰੀਤ ਕੌਰ (ਗਿਆਰਵੀਂ), ਭਵਨਜੋਤ ਕੌਰ (ਦਸਵੀਂ), ਪੁਸ਼ਪਿੰਦਰ ਕੌਰ (ਦਸਵੀਂ), ਅਮਰਿੰਦਰ ਸਿੰਘ (ਦਸਵੀਂ), ਅੰਸ਼ਪ੍ਰੀਤ ਕੌਰ (ਦਸਵੀਂ) ਅਤੇ ਜਸਮੀਤ ਕੌਰ (ਸੱਤਵੀਂ) ਨੂੰ ਭਾਈਚਾਰੇ ਵੱਲੋਂ ਸਕੂਲ ਬੈਗ, ਗੁਰਮੁੱਖੀ ਵਰਨਮਾਲਾ ਅੰਕਿਤ ਫੱਟੀਆਂ, ਪੁਸਤਕਾਂ ਅਤੇ ਪ੍ਰਮਾਣ ਪੱਤਰਾਂ ਨਾਲ ਸਨਮਾਨਿਤ ਕੀਤਾ ਗਿਆ।

ਇਕਲੇ ਇਕਲੇ ਵਿਦਿਆਰਥੀ ਦੇ ਸਨਮਾਨ ਦੇ ਯਾਦਗਾਰੀ ਪਲ









ਵਿਦਿਆਰਥੀਆਂ ਵਿੱਚ ਮਾਂ ਬੋਲੀ ਪੰਜਾਬੀ ਦਾ ਦੀਵਾ ਜਗਾਉਣ ਲਈ ਪ੍ਰਿੰਸੀਪਲ ਕੰਵਲਜੋਤ ਕੌਰ ਅਤੇ ਪੰਜਾਬੀ ਅਧਿਆਪਕਾ ਜਸਰੀਨ ਕੌਰ ਦਾ ਵੀ ਭਾਈਚਾਰੇ ਵੱਲੋਂ ਸਤਿਕਾਰ ਕੀਤਾ ਗਿਆ।


ਦੋਹਾਂ ਸਖਸ਼ੀਅਤਾਂ ਦੇ ਸਤਿਕਾਰ ਦਾ ਯਾਦਗਾਰੀ ਪਲ

ਸਟੇਜ ਦੀ ਜਿੰਮੇਵਾਰੀ ਜਸਰੀਨ ਕੌਰ ਵਲੋਂ ਬਾਖੂਬੀ ਨਿਭਾਈ ਗਈ।

ਦਵਿੰਦਰ ਸਿੰਘ ਘਟੌੜਾ (ਕੈਨੇਡਾ), ਅਵਤਾਰ ਸਿੰਘ, ਮਿੱਤਰ ਸੈਨ ਮੀਤ, ਮਹਿੰਦਰ ਸਿੰਘ ਸੇਖੋਂ, ਦਵਿੰਦਰ ਸੇਖਾ, ਸੁਖਇੰਦਰ ਪਾਲ ਸਿੰਘ ਅਤੇ ਪ੍ਰੋਫੈਸਰ ਇੰਦਰਪਾਲ ਸਿੰਘ ਨੇ ਭਾਈਚਾਰੇ ਦੀ ਪ੍ਰਤੀਨਿਧਤਾ ਕੀਤੀ।

ਸਕੂਲ ਵਲੋਂ ਆਏ ਮਮਿਾਨਾਂ ਦਾ ਵੀ ਸਨਮਾਨ ਕੀਤਾ ਗਿਆ







ਅਖੀਰ ਵਿੱਚ ਪ੍ਰਿੰਸੀਪਲ ਕਵੰਲਜੋਤ ਕੌਰ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।

