ਪਹਿਲਾ ਸਮਾਗਮ –ਮਾਲਵਾ ਕਾਲਜ ਬੋਂਦਲੀ ਸਮਰਾਲਾ
ਵਿਦਿਆਰਥੀਆਂ ਵਿੱਚ ਪੰਜਾਬੀ ਭਾਸ਼ਾ ਦੀ ਚੇਟਕ ਲਾਉਣ ਵਾਲਾ -ਪਹਿਲਾ ਸਮਾਗਮ ਬੇਹੱਦ ਸਫ਼ਲ ਰਿਹਾ
ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਵੱਲੋਂ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਵਿੱਚ, ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪਸਾਰ ਵਿੱਚ ਦਿਲਚਸਪੀ ਵਧਾਉਣ ਲਈ ਸ਼ੁਰੂ ਕੀਤੀ ਗਈ ਸਮਾਗਮਾਂ ਦੀ ਲੜੀ ਦਾ ਪਹਿਲਾ ਸਮਾਗਮ 11 ਨਵੰਬਰ 2024 ਨੂੰ ਮਾਲਵਾ ਕਾਲਜ ਬੋਂਦਲੀ ਸਮਰਾਲਾ ਵਿੱਚ ਕੀਤਾ ਗਿਆ।
ਇਸ ਯੋਜਨਾ ਅਧੀਨ ਮਾਲਵਾ ਕਾਲਜ ਵਿੱਚ ਪੰਜਾਬੀ ਸਾਹਿਤ ਸਿਰਜਣ, ਗਾਇਨ, ਸ਼ੁੱਧ ਉਚਾਰਨ ਅਤੇ ਸੁੰਦਰ ਲਿਖਾਈ ਲਈ ਕਰਵਾਏ ਗਏ ਮੁਕਾਬਲਿਆਂ ਵਿੱਚ ਪਹਿਲੇ ਨੰਬਰ ਤੇ ਆਉਣ ਵਾਲੇ ਵਿਦਿਆਰਥੀਆਂ (ਅਰਸ਼ਪ੍ਰੀਤ ਸਿੰਘ, ਜਸਮਨਜੋਤ ਸਿੰਘ, ਅਰਸ਼ਦੀਪ ਕੌਰ, ਰਜਨਪ੍ਰੀਤ ਕੌਰ) ਨੂੰ ਪੁਸਤਕਾਂ, ਸਕੂਲ ਬੈਗ ਅਤੇ ਪਰਮਾਣ ਪੱਤਰ ਨਾਲ ਸਨਮਾਨਿਤ ਕੀਤਾ ਗਿਆ। ਪੰਜਾਬੀ ਸਹਿਤ ਵਿੱਚ ਰੁਚੀ ਪੈਦਾ ਕਰਨ ਲਈ ਵਿਦਿਆਰਥੀਆਂ ਨੂੰ ਪ੍ਰੋਫੈਸਰ ਗੁਰਦਿਆਲ ਸਿੰਘ, ਦਲੀਪ ਕੋਰ ਟਿਵਾਣਾ, ਮਿੱਤਰ ਸੈਨ ਮੀਤ ਦੇ ਨਾਵਲਾਂ ਅਤੇ ਰਘਬੀਰ ਢੰਡ ਦੀਆਂ ਚੋਣਵੀਆਂ ਕਹਾਣੀਆਂ ਦਾ ਸੈਟ ਦਿੱਤਾ ਗਿਆ।
‘ਨੌਜਵਾਨਾਂ ਨੂੰ ਪੰਜਾਬੀ ਭਾਸ਼ਾ ਦਾ ਗਿਆਨ ਹੋਣਾ ਜਰੂਰੀ ਕਿਉਂ?’ ਇਸ ਵਿਸ਼ੇ ਤੇ ਸੰਖੇਪ ਵਿੱਚ ਕੀਤੇ ਵਿਚਾਰ ਵਟਾਂਦਰੇ ਵਿੱਚ ਕਾਲਜ ਦੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋਫੈਸਰ ਹਰਿੰਦਰਜੀਤ ਸਿੰਘ ਕਲੇਰ, ਮਿੱਤਰ ਸੈਨ ਮੀਤ ਅਤੇ ਪ੍ਰਿੰਸੀਪਲ ਹਰਿੰਦਰ ਕੌਰ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ।
ਪ੍ਰਸਿੱਧ ਪੰਜਾਬੀ ਸਾਹਿਤਕਾਰ ਬਲਬੀਰ ਸਿੰਘ ਬੱਬੀ, ਸੁਰਜੀਤ ਵਿਸ਼ਾਦ ਅਤੇ ਨੇਤਰ ਸਿੰਘ ਮਾਤਿਉ ਦੀ ਹਾਜ਼ਰੀ ਨੇ ਬੱਚਿਆਂ ਨੂੰ ਹੋਰ ਵੀ ਉਤਸ਼ਾਹਿਤ ਕੀਤਾ।
ਵੱਡੀ ਗਿਣਤੀ ਵਿੱਚ ਵਿਦਿਆਰਥੀ ਤਾਂ ਸਮਾਗਮ ਵਿੱਚ ਸ਼ਾਮਿਲ ਹੋਏ ਹੀ ਪਰ ਪ੍ਰੋਫੈਸਰ ਜਗਦੀਪ ਸਿੰਘ, ਪ੍ਰੋਫੈਸਰ ਪ੍ਰਦੀਪ ਕੌਰ (ਐਨਐਸਐਸ), ਪ੍ਰੋਫੈਸਰ ਪਵਨਦੀਪ ਕੌਰ, ਪ੍ਰੋਫੈਸਰ ਇਮਰੋਜਪ੍ਰੀਤ ਸਿੰਘ, ਪ੍ਰੋਫੈਸਰ ਅਮਨਪ੍ਰੀਤ ਕੌਰ, ਇੰਦਰਜੀਤ ਸਿੰਘ ਅਤੇ ਨਿਰਵੈਰ ਸਿੰਘ ਦੀ ਹਾਜ਼ਰੀ ਨੇ ਸਮਾਗਮ ਦੀ ਹੋਰ ਵੀ ਸ਼ੋਭਾ ਵਧਾਈ।
ਭਾਈਚਾਰੇ ਵੱਲੋਂ ਕਾਲਜ ਦੀ ਲਾਇਬਰੇਰੀ ਲਈ ਪੰਜਾਬੀ ਦੀਆਂ ਉੱਤਮ ਪੁਸਤਕਾਂ ਦਾ ਸੈਟ ਭੇਂਟ ਕਰਨ ਦੇ ਨਾਲ ਨਾਲ ਮਾਂ ਬੋਲੀ ਪੰਜਾਬੀ ਦੇ ਪਸਾਰ ਅਤੇ ਵਿਕਾਸ ਵਿੱਚ ਜ਼ਿਕਰਯੋਗ ਯੋਗਦਾਨ ਪਾਉਣ ਲਈ ਪ੍ਰਿੰਸੀਪਲ ਹਰਿੰਦਰ ਕੌਰ ਅਤੇ ਪ੍ਰੋਫੈਸਰ ਹਰਿੰਦਰਜੀਤ ਸਿੰਘ ਕਲੇਰ ਦਾ ਸਤਿਕਾਰ ਵੀ ਕੀਤਾ ਗਿਆ।
ਸਮਾਗਮ ਦੀ ਗਾਥਾ ਤਸਵੀਰਾਂ ਦੀ ਜ਼ੁਬਾਨੀ
ਸਨਮਾਨਿਤ ਸਾਰੇ ਵਿਦਿਆਰਥੀਆਂ ਦੀ ਸਾਂਝੀ ਯਾਦਗਾਰ

ਇਕਲੇ ਇਕਲੇ ਵਿਦਿਆਰਥੀ,ਪ੍ਰਿੰਸੀਪਲ ਸਾਹਿਬਾ ਅਤੇ ਅਧਿਆਪਕ ਸਾਹਿਬ ਦੇ ਸਤਿਕਾਰ ਦੀ ਯਾਦਗਾਰ






ਮਿੱਤਰ ਸੈਨ ਮੀਤ ਦਾ ਸਤਿਕਾਰ



ਮੀਡੀਆ ਸਹਿਯੌਗ

