Category: ਪੰਜਾਬੀ ਭਾਸ਼ਾ ਪੰਦਰਵਾੜਾ
ਅੰਤਰ-ਰਾਸ਼ਟਰੀ ਮਾਂ ਬੋਲੀ ਪੰਜਾਬੀ ਪੰਦਰਵਾੜਾ
ਹਰ ਸਾਲ ਮਿਤੀ 21 ਫਰਵਰੀ ਨੂੰ ਅੰਤਰ-ਰਾਸ਼ਟਰੀ ਮਾਂ ਬੋਲੀ ਦਿਵਸ ਦੇ ਤੌਰ ਤੇ ਵਿਸ਼ਵ ਭਰ ਵਿਚ ਮਨਾਇਆ ਜਾਂਦਾ ਹੈ। ਪੰਜਾਬੀ ਸੰਸਥਾਵਾਂ ਵੱਲੋਂ ਪੂਰੇ ਸੰਸਾਰ ਵਿਚ ਇਸ ਦਿਵਸ ਨੂੰ ਕੇਵਲ ਇੱਕ ਦਿਨ ਲਈ ਵੱਖੋ-ਵੱਖਰੇ ਰੂਪਾਂ ਵਿਚ ਮਨਾਇਆ ਜਾਂਦਾ ਰਿਹਾ ਹੈ। ਸਾਲ 2019 ਵਿਚ ਪੰਜਾਬੀ ਸੱਥ ਲੁਧਿਆਣਾ, ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਅਤੇ ਮਾਂ ਬੋਲੀ ਪੰਜਾਬੀ ਸਭਾ ਦੇ ਸਾਂਝੇ ਯਤਨਾਂ ਸਦਕਾ ਲੁਧਿਆਣਾ ਜ਼ਿਲ੍ਹੇ ਦੇ ਕਾਲਜਾਂ ਵਿਚ ਪੰਜਾਬੀ ਮਾਂ ਬੋਲੀ ਪੰਦਰਵਾੜਾ ਪਹਿਲੀ ਵਾਰ ਮਨਾਇਆ ਗਿਆ। ਇਸ ਕਾਰਜ ਲਈ ਲੁਧਿਆਣਾ ਜ਼ਿਲ੍ਹੇ ਦੇ ਸ਼ਹਿਰੀ ਅਤੇ ਪੇਂਡੂ ਕਾਲਜਾਂ ਨੂੰ ਪਹਿਲ ਦਿੱਤੀ ਗਈ ਜਿਨ੍ਹਾਂ ਵਿਚ ਲੜਕੀਆਂ ਦੇ ਕਾਲਜਾਂ ਵਿਚ ਪੰਦਰਵਾੜੇ ਦੇ ਸਮਾਗਮ ਕਰਨ ਲਈ ਤਵੱਜੋ ਇਸ ਕਾਰਨ ਦੇਣ ਦਾ ਫੈਸਲਾ ਕੀਤਾ ਗਿਆ ਤਾਂ ਕਿ ਇਨ੍ਹਾਂ ਬੱਚੀਆਂ ਨੇ ਭਵਿੱਖ ਵਿਚ ਮਾਂਵਾਂ ਬਣ ਕੇ ਇੱਕ ਪੂਰੇ ਪਰਿਵਾਰ ਦੀ ਵਾਗਡੋਰ ਨੂੰ ਸੰਭਾਲਣਾ ਹੈ ਅਤੇ ਪੰਜਾਬੀ ਮਾਂ ਬੋਲੀ ਦੀ ਪ੍ਰਗਤੀ ਅਤੇ ਪਸਾਰ ਵਿਚ ਵੱਡਾ ਯੋਗਦਾਨ ਪਾਉਣਾ ਹੈ। ਇਸ ਕਾਰਜ ਲਈ ਸਰਕਾਰੀ ਕਾਲਜ ਕਰਮਸਰ ਵਿਖੇ ਤਾਇਨਾਤ ਪ੍ਰੋ.ਇੰਦਰਪਾਲ ਸਿੰਘ ਨੂੰ ਪੰਜਾਬੀ ਮਾਂ ਬੋਲੀ ਪੰਦਰਵਾੜਾ ਦਾ ਸੰਚਾਲਨ ਕਰਨ ਦੀ ਜ਼ਿੰਮਵਾਰੀ ਸੌਂਪੀ ਗਈ। ਪੰਦਰਵਾੜਾ ਮਨਾਉਣ ਲਈ ਪ੍ਰੋ.ਇੰਦਰਪਾਲ ਸਿੰਘ ਵੱਲੋਂ ਲਗਭਗ 10 ਕਾਲਜਾਂ ਨੂੰ ਚਿੱਠੀ-ਪੱਤਰ ਨਾਲ ਸੰਪਰਕ ਕੀਤਾ ਗਿਆ, ਜਿਸ ਵਿਚ ਮਾਂ ਬੋਲੀ ਨਾਲ ਜੁੜੇ ਵੱਖੋ-ਵੱਖ ਅੰਤਰ-ਸ਼੍ਰੇਣੀ ਮੁਕਾਬਲੇ (ੳ) ਮੌਲਿਕ (ਲੇਖ, ਕਹਾਣੀ ਜਾਂ ਕਵਿਤਾ) ਲਿਖਤ ਮੁਕਾਬਲਾ (ਅ) ਭਾਸ਼ਣ ਮੁਕਾਬਲਾ (ੲ) ਸੁੰਦਰ ਲਿਖਾਈ ਮੁਕਾਬਲਾ (ਸ) ਲੋਕ ਗੀਤ ਗਾਇਨ ਮੁਕਾਬਲਾ (ਹ) ਕਵਿਤਾ ਉਚਾਰਨ ਮੁਕਾਬਲਾ (ਕ) ਭਾਸ਼ਾ ਪ੍ਰਸ਼ੋਨਤਰੀ ਮੁਕਾਬਲਾ (ਖ) ਸ਼ੁੱਧ ਉਚਾਰਨ ਮੁਕਾਬਲਾ ਕਰਵਾਉਣ ਲਈ ਸੱਤ ਮੁਕਾਬਲੇ ਸੁਝਾਏ ਗਏ। ਇਨ੍ਹਾਂ ਮੁਕਾਬਿਲਿਆਂ ਵਿਚੋਂ ਕਿਸੇ ਇੱਕ ਮੁਕਾਬਲੇ ਵਿਚੋਂ ਸੰਸਥਾ ਵਿਚੋਂ ਪਹਿਲੇ ਤਿੰਨ ਸਥਾਨ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇਣ ਦਾ ਫੈਸਲਾ ਕੀਤਾ ਗਿਆ। ਵਿਦਿਆਰਥੀਆਂ ਵਿਚ ਪੁਸਤਕਾਂ ਪੜ੍ਹਨ ਦੀ ਰੁੱਚੀ ਪੈਦਾ ਕਰਨ ਲਈ ਇਨਾਮ ਦੇ ਰੂਪ ਵਿਚ ਚੰਗੇਰੀਆਂ ਪੁਸਤਕਾਂ ਦੇ ਸੈਟ ਦੇਣ ਦਾ ਫੈਸਲਾ ਕੀਤਾ ਗਿਆ। ਇਸ ਕਾਰਜ ਲਈ ਪੰਜਾਬੀ ਸੱਥ ਲਾਂਬੜਾਂ ਵੱਲੋਂ 110 ਪੁਸਤਕਾਂ ਦਾ ਵਡਮੁੱਲਾ ਸਹਿਯੋਗ ਦਿੱਤਾ ਗਿਆ। ਵਰਨਣਯੋਗ ਹੈ ਕਿ ਪੰਜਾਬੀ ਮਾਂ ਬੋਲੀ ਪੰਦਰਵਾੜਾ ਮਨਾਉਣ ਲਈ ਕਾਲਜਾਂ ਨੂੰ ਇਹ ਵਿਸ਼ਵਾਸ ਦਿਵਾਇਆ ਗਿਆ ਕਿ ਇਨ੍ਹਾਂ ਸਮਾਗਮਾਂ ਲਈ ਹੋਣ ਵਾਲਾ ਖਰਚਾ ਕਾਲਜ ਦੀ ਜਗ੍ਹਾ ਪੰਜਾਬੀ ਸੱਥ ਲੁਦੇਹਾਣਾ ਵੱਲੋਂ ਉਠਾਇਆ ਜਾਵੇਗਾ। ਜਿਨ੍ਹਾਂ 10 ਕਾਲਜਾਂ ਨੂੰ ਪੰਜਾਬੀ ਮਾਂ ਬੋਲੀ ਪੰਦਰਵਾੜਾ ਮਨਾਉਣ ਲਈ ਸੰਪਰਕ ਕੀਤਾ ਗਿਆ, ਉਨ੍ਹਾਂ ਵਿਚੋਂ 8 ਕਾਲਜਾਂ ਵਿਚ ਸਮਾਗਮ ਕਰਾਉਣ ਦੀ ਪ੍ਰਵਾਨਗੀ ਕਾਲਜ ਪ੍ਰਿੰਸੀਪਲ ਪਾਸੋਂ ਪ੍ਰਾਪਤ ਹੋਣ ਤੇ ਮਿਤੀ 11 ਫਰਵਰੀ 2019 ਨੂੰ ਪੰਜਾਬੀ ਮਾਂ ਬੋਲੀ ਪੰਦਰਵਾੜੇ ਦਾ ਆਰੰਭ ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫਾਰ ਵੂਮੈਨ, ਲੁਧਿਆਣਾ ਤੋਂ ਕੀਤਾ ਗਿਆ।