ਮਾਤ ਭਾਸ਼ਾ ਦਿਵਸ ਨੂੰ ਸਮਰਪਿਤ -ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਫਰੀਦਕੋਟ

ਮਾਤਭਾਸ਼ਾ ਦਿਵਸ ਨੂੰ ਸਮਰਪਿਤ ਰਿਹਾ ਕਰਤਾਰ ਸਿੰਘ ਯਾਦਗਾਰੀ ਸਾਹਿਤ ਸਨਮਾਨ ਸਮਾਗਮ

ਵਿਦਿਆਰਥੀ

ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪ੍ਰਸਾਰ ਵਿੱਚ ਪ੍ਰਸ਼ੰਸਾਯੋਗ ਕੰਮ ਕਰਨ ਵਾਲੀ ਵਿਦਿਆਰਥਣ ਦਾ ਸਨਮਾਨ

ਰਿਪੋਰਟ

ਕਰਤਾਰ ਸਿੰਘ ਯਾਦਗਾਰੀ ਮੰਚ ਵੱਲੋਂ ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਫਰੀਦਕੋਟ ਵਿਖੇ ਸਾਹਿਤਕ ਤੇ ਵਿੱਦਿਅਕ ਸਨਮਾਨ ਸਮਾਗਮ ਕਰਵਾਇਆ ਗਿਆ | ਇਹ ਸਮਾਗਮ ਕਾਲਜ ਵੱਲੋਂ ਵਿਸ਼ਵ ਮਾਤਭਾਸ਼ਾ ਦਿਵਸ ਨੂੰ ਸਮਰਪਿਤ ਕੀਤਾ ਗਿਆ | ਕਾਲਜ ਦੇ ਬੀ.ਐੱਡ, ਐਮ.ਐੱਡ ਕੋਰਸਾਂ ਦੇ ਵਿਦਿਆਰਥੀਆਂ ਵੱਲੋਂ ਮਾਤਭਾਸ਼ਾ ਦੇ ਸਤਿਕਾਰ ਵਿੱਚ ਪ੍ਰਭਾਵਸ਼ਾਲੀ ਤਕਰੀਰਾਂ, ਕਵਿਤਾਵਾਂ ਤੇ ਗੀਤ ਪੇਸ਼ ਕੀਤੇ ਗਏ | ਪ੍ਰੋਗਰਾਮ ਦੇ ਸ਼ੁਰੂ ਵਿੱਚ ਮੁਖੀ ਪ੍ਰੋ. ਕੰਵਲਦੀਪ ਸਿੰਘ ਅਤੇ ਮੰਚ ਸੰਚਾਲਕ ਪ੍ਰੋ. ਬੀਰਇੰਦਰ ਸਿੰਘ ਸਰਾਂ ਨੇ ਯਾਦਗਾਰੀ ਮੰਚ ਦੇ ਵਿੱਦਿਅਕ ਉਦੇਸ਼ਾਂ ਦੀ ਸਲਾਹੁਤਾ ਕਰਦਿਆਂ ਇਸ ਨਾਲ ਜੁੜੇ ਮੈਂਬਰਾਂ, ਮਹਿਮਾਨਾਂ ਅਤੇ ਪ੍ਰਮੁੱਖ ਵਕਤਾ ਲਈ ਸਵਾਗਤੀ ਸ਼ਬਦ ਬੋਲੇ | ਡਾ.ਦੇਵਿੰਦਰ ਸੈਫ਼ੀ ਨੇ ਆਪਣੇ ਪਿਤਾ ਦੀ ਯਾਦ ਵਿਚ ਹਰ ਸਾਲ ਦਿੱਤੇ ਜਾਂਦੇ ਸਾਹਿਤਕ ਸਨਮਾਨ ਅਤੇ ਵਿੱਦਿਅਕ ਸਨਮਾਨਾਂ ਬਾਰੇ ਜਾਣਕਾਰੀ ਦੇਣ ਉਪਰੰਤ ਮਾਤਭਾਸ਼ਾ ਬਾਰੇ ਸਾਹਿਤਕ ਅਤੇ ਮਨੋਵਿਗਿਆਨਿਕ ਨੁਕਤੇ ਤੋਂ ਵਿਸ਼ੇਸ਼ ਵਿਚਾਰ ਸਾਂਝੇ ਕੀਤੇ | ਇਸ ਤੋਂ ਉਪਰੰਤ ਡਾ. ਸੈਫ਼ੀ, ਗੁਰਮੀਤ ਬੱਧਣ, ਗੁਰਪ੍ਰੀਤ ਚੰਦਬਾਜਾ, ਪ੍ਰੋ. ਤਰਸੇਮ ਨਰੂਲਾ, ਡਾ.ਨਰਿੰਦਰਜੀਤ ਸਿੰਘ, ਪ੍ਰੇਮ ਕਾਮਰੇਡ, ਜਗਤਾਰ ਗਿੱਲ, ਰਾਜਪਾਲ ਸੰਧੂ ਅਤੇ ਕਾਲਜ ਸਟਾਫ਼ ਨੇ ਮਿੱਤਰ ਸੈਨ ਮੀਤ ਨੂੰ ਕਰਤਾਰ ਸਿੰਘ ਯਾਦਗਾਰੀ ਸਾਹਿਤ ਸਨਮਾਨ ਪੇਸ਼ ਕੀਤਾ | ਨਾਲ ਹੀ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਵਿਸ਼ੇਸ਼ ਵਿੱਦਿਅਕ ਸਨਮਾਨ ਦਿੱਤੇ ਗਏ |

ਮਿੱਤਰ ਸੈਨ ਮੀਤ ਦਾ ਸਨਮਾਨ ਪੱਤਰ ਪੜ੍ਹਦਿਆਂ ਡਾ.ਦੇਵਿੰਦਰ ਸੈਫ਼ੀ ਨੇ ਕਿਹਾ – “ਕਰਤਾਰ ਸਿੰਘ ਯਾਦਗਾਰੀ ਸਾਹਿਤ ਸਨਮਾਨ ਲਈ ਹਰ ਸਾਲ ਉਸ ਸਿਰਜਕ ਦੀ ਚੋਣ ਕੀਤੀ ਜਾਂਦੀ ਹੈ ਜੋ ਇਨਾਮੀ ਸਨਮਾਨੀ ਗਿੜਗਿੜਾਹਟ ਅਤੇ ਧੜੇਬੰਦੀ ਵਾਲੀ ਰਾਜਨੀਤੀ ਤੋਂ ਨਿਰਲਿਪਤ ਰਹਿ ਕੇ ਸ਼ੁੱਧ ਮਾਨਵੀ ਦ੍ਰਿਸ਼ਟੀ ਤੋਂ ਮਾਂ ਬੋਲੀ ਦੀ ਸੇਵਾ ਹਿੱਤ ਕਰਮਸ਼ੀਲ ਹੋਵੇ |

           ਸ਼੍ਰੀ ਮਿੱਤਰ ਸੈਨ ਮੀਤ ਹੋਰਾਂ ਨੇ ਪੁਲਿਸ ਪ੍ਰਸ਼ਾਸ਼ਨ ਅਤੇ ਨਿਆਂ ਪ੍ਰਬੰਧ ਨਾਲ ਸੰਬੰਧਿਤ ਗਹਿਰੇ ਖੋਜਾਤਮਕ ਬਿਰਤਾਂਤ ਸਿਰਜ ਕੇ ਮਾਨਵੀ ਸੰਵੇਦਨਾ ਦੇ ਹੱਕ ਵਿਚ ਵਡੇਰਾ ਨਾਅਰਾ ਮਾਰਿਆ | ਇਹਨਾਂ ਬਿਰਤਾਂਤਾਂ ਦੇ ਗਲਪੀ ਰੂਪ ਬੇਹੱਦ ਸਵੀਕਾਰੇ ਤੇ ਸਲਾਹੇ ਗਏ | ਸਿੱਟੇ ਵਜੋਂ ਸਾਹਿਤ ਅਕਾਦਮੀ ਦੇ ਸਨਮਾਨ ਤੋਂ ਇਲਾਵਾ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਵਕਾਰੀ ਮਾਣਸਨਮਾਨ ਇਹਨਾਂ ਨੂੰ ਦਿੱਤੇ ਗਏ |

           ਪਿਛਲੇ ਲੰਮੇ ਸਮੇਂ ਤੋਂ ਆਪ ਜੀ ਪੰਜਾਬੀ ਪਾਸਾਰ ਭਾਈਚਾਰੇ ਦੇ ਪ੍ਰਮੁੱਖ ਨੁਮਾਇੰਦੇ ਵਜੋਂ ਕਾਨੂੰਨੀ ਨੁਕਤਾ ਨਿਗਾਹ ਤੋਂ ਮਾਂ ਬੋਲੀ ਪੰਜਾਬੀ ਦੀ ਸੇਵਾ ਨੂੰ ਸਮਰਪਿਤ ਹਨ | ਜਿਸ ਤਹਿਤ ਪੰਜਾਬੀ ਬੋਲੀ ਦੀ ਸੇਵਾ ਦੇ ਨਾਂਤੇ ਹੋ ਰਹੇ ਆਡੰਬਰੀ ਕਾਰਜਾਂ ਦੇ ਪਾਜ ਉਘੇੜ ਕੇ ਮਾਂ ਬੋਲੀ ਦੀ ਅਸਲੀ ਆਨ ਬਾਨ ਤੇ ਸ਼ਾਨ ਦੀ ਬਹਾਲੀ ਲਈ ਅਣਥੱਕ ਯਤਨ ਕਰ ਰਹੇ ਹਨ |

           ਇਹਨਾਂ ਦੁਆਰਾ ਸਾਹਿਤ ਦੇ ਖੇਤਰ ਵਿੱਚ ਬਹੁਮੱਲੇ ਕਾਰਜ ਕਰਨ, ਮਾਂ ਬੋਲੀ ਦੀ ਸੇਵਾ ਲਈ ਬੇਸ਼ੁਮਾਰ ਸਫ਼ਲ ਯਤਨ ਕਰਨ ਅਤੇ ਸਿਰਜਕ ਧਰਮ ਦੀ ਉਚਿਆਈ ਦੀ ਬਰਕਰਾਰੀ ਰੱਖਣ ਸਦਕਾ ਮਾਤਭਾਸ਼ਾ ਦਿਵਸਤੇ ਇਹਨਾਂ ਦਾ ਸਨਮਾਨ ਕਰਦਿਆਂ ਡਾਹਢਾ ਗੌਰਵ ਮਹਿਸੂਸ ਕਰ ਰਹੇ ਹਾਂ |”

              ਮਿੱਤਰ ਸੈਨ ਮੀਤ ਹੋਰਾਂ ਨੇ ਆਪਣੇ ਸੰਬੋਧਨ ਦੌਰਾਨ ਪੰਜਾਬੀ ਪ੍ਰਤੀ ਪਿਆਰ ਤੇ ਲਗਾਉ ਵਧਾਉਣ ਲਈ ਇਸਨੂੰ ਰੋਜ਼ਗਾਰ ਦੀ ਭਾਸ਼ਾ ਬਣਾਉਣ ਉੱਪਰ ਜ਼ੋਰ ਦਿੱਤਾ | ਉਹਨਾਂ ਨੇ ਅਕਾਦਮੀਆਂ, ਯੂਨੀਵਰਸਿਟੀਆਂ ਅਤੇ ਹੋਰ ਸਰਕਾਰੀ ਅਦਾਰਿਆਂ ਵਿੱਚ ਬੈਠੇ ਤਥਾਕਥਿਤ ਬੁੱਧੀਜੀਵੀਆਂ ਸਾਹਿਤਕਾਰਾਂ ਦੁਆਰਾ ਪੰਜਾਬੀ ਮਾਂ ਬੋਲੀ ਦੀ ਸੇਵਾ ਦੇ ਨਾਂਤੇ ਕੀਤੇ ਜਾ ਰਹੇ ਆਡੰਬਰਾਂ ਅਤੇ ਦਿੱਤੇ ਜਾ ਰਹੇ ਸਨਮਾਨਾਂ ਨੂੰ ਅੰਨਾ ਵੰਡੇ ਸ਼ੀਰਨੀਆਂ ਮੁੜਮੁੜ ਆਪਣਿਆਂ ਨੂੰ ਅਖਾਉਤ ਰਾਹੀਂ ਸਪੱਸ਼ਟ ਕੀਤਾ | ਇਹਨਾਂ ਵਰਤਾਰਿਆਂ ਦੇ ਪਾਜ ਉਘੇੜਦਿਆਂ ਕਾਨੂੰਨੀ ਅਤੇ ਵਿਹਾਰਕ ਦ੍ਰਿਸ਼ਟੀ ਤੋਂ ਪੰਜਾਬੀ ਨੂੰ ਬਚਾਉਣ ਤੇ ਸਤਿਕਾਰ ਦੇਣ ਦੇ ਨੁਕਤੇ ਸਮਝਾਏ | ਉਹਨਾਂ ਨੇ ਡਾ.ਸੈਫ਼ੀ ਦੁਆਰਾ ਰੱਖੇ ਮਾਂ ਬੋਲੀ ਦੇ ਮਨੋਵਿਗਿਆਨਿਕ, ਗਿਆਨਾਤਮਕ, ਚੇਤਨਾਤਮਕ ਅਤੇ ਲੋਕਧਾਰਾਈ ਪੱਖਾਂ ਨੂੰ ਵੀ ਭਰਪੂਰਤਾ ਨਾਲ ਸਵੀਕਾਰਦਿਆਂ ਇਸ ਨੁਕਤੇ ਨੂੰ ਸਮਝਣ ਉੱਪਰ ਜ਼ੋਰ ਦਿੱਤਾ | ਉਹਨਾਂ ਨੇ ਬੀ.ਐੱਡ ਕਰ ਰਹੇ ਵਿਦਿਆਰਥੀਆਂ ਦੁਆਰਾ ਪੇਸ਼ ਵਿਚਾਰਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਵਿਸ਼ੇਸ਼ ਵਿਚਾਰ ਪੇਸ਼ ਕਰਨ ਵਾਲੀ ਵਿਦਿਆਰਥਣ ਨੂੰ ਆਪਣੇ ਸਨਮਾਨ ਵਾਲੀ ਲੋਈ ਭੇਂਟ ਕਰਕੇ ਵਿਸ਼ੇਸ਼ ਹੌਂਸਲਾ ਅਫ਼ਜ਼ਾਈ ਕੀਤੀ |

    ਪ੍ਰਮੁੱਖ ਵਕਤਾ ਮਿੱਤਰ ਸੈਨ ਮੀਤ ਨੇ ਕਾਨੂੰਨੀ, ਵਿੱਦਿਅਕ, ਵਿਹਾਰਕ ਅਤੇ ਆਰਥਿਕ ਪੱਖਾਂ ਤੋਂ ਮਾਤਭਾਸ਼ਾ ਦੇ ਸਤਿਕਾਰ ਸਨਮਾਨ ਲਈ ਵਿਸ਼ੇਸ਼ ਉੱਦਮ ਕੀਤੇ ਜਾਣ ਬਾਰੇ ਤਰਕ ਪੇਸ਼ ਕੀਤੇ | ਉਹਨਾਂ ਨੇ ਪੰਜਾਬੀ ਪਾਸਾਰ ਭਾਈਚਾਰੇ ਦੀ ਫਰੀਦਕੋਟ ਇਕਾਈ ਦੇ ਨਿਰੰਤਰ ਯਤਨਾਂ ਦੀ ਭਰਪੂਰ ਸਰਾਹਨਾ ਕੀਤੀ |

     ਇਸ ਮੌਕੇ ਉਚੇਚੇ ਤੌਰਤੇ ਪਹੁੰਚੇ ਪ੍ਰੋ. ਇੰਦਰਪਾਲ ਸਿੰਘ ਰਾੜਾ ਸਾਹਿਬ ਅਤੇ ਹਰਬਖ਼ਸ਼ ਸਿੰਘ ਨੇ ਮੀਤ ਦੇ ਨਾਵਲਾਂ ਤਫ਼ਤੀਸ਼, ਕਟਹਿਰਾ, ਸੁਧਾਰ ਘਰ, ਕੌਰਵ ਸਭਾ ਦੀ ਵਿਲੱਖਣਤਾ ਬਾਰੇ ਜਾਣੂ ਕਰਵਾਇਆ | ਇਸ ਮੌਕੇ ਸੁਖਵੰਤ ਕੌਰ ਸਰਾਂ ਇੰਗਲੈਂਡ ਅਤੇ ਅੰਗਰੇਜ ਸਿੰਘ ਬਰਾੜ ਸਰੀ, ਕੈਨੇਡਾ ਵੱਲੋਂ ਇਸ ਉੱਚਪਾਇ ਦੇ ਵਿੱਦਿਅਕ ਸਾਹਿਤਕ ਸਮਾਗਮਾਂ ਲਈ ਵਿਸ਼ੇਸ਼ ਵਧਾਈ ਦਿੱਤੀ ਗਈ | ਪ੍ਰਸਿੱਧ ਪੱਤਰਕਾਰ ਤੇ ਸਮਾਜਸੇਵੀ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਮੰਚ ਦੇ ਕਾਰਜਾਂ ਨੂੰ ਨੈਤਿਕ ਪੱਖੋਂ ਉੱਤਮ ਦੱਸਦਿਆਂ ਵਿਦਿਆਰਥੀਆਂ ਨਾਲ ਪ੍ਰਭਾਵਸ਼ਾਲੀ, ਵਿੱਦਿਅਕ ਵਿਚਾਰਾਂ ਦੀ ਸਾਂਝ ਪਾਈ | ਇਸ ਸਮੇਂ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਅਤੇ ਨਰੋਆ ਪੰਜਾਬ ਮੰਚ ਵੱਲੋਂ ਪੰਜਾਬੀ ਭਾਸ਼ਾ ਦੇ ਸਤਿਕਾਰ ਨੂੰ ਸਮਰਪਿਤ ਚਾਬੀਛੱਲੇ ਅਤੇ ਵਾਤਾਵਰਨ ਦੀ ਸ਼ੁੱਧਤਾ ਦਾ ਸੁਨੇਹਾ ਦੇਣ ਵਾਲੀਆਂ ਕਾਪੀਆਂ ਵਿਦਿਆਰਥੀਆਂ ਤੇ ਅਧਿਆਪਕਾਂ ਵਿੱਚ ਤਕਸੀਮ ਕੀਤੀਆਂ ਗਈਆਂ |

ਸਮਾਗਮ ਦੇ ਅੰਤ ਵਿੱਚ ਕਾਲਜ ਦੇ ਪ੍ਰਬੰਧਕਾਂ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਧੰਨਵਾਦ ਕਰਦਿਆਂ ਇਹ ਸਮਾਗਮ ਹਰ ਸਾਲ ਇਸੇ ਕਾਲਜ ਦੇ ਮੰਚ ਉੱਪਰ ਕਰਨ ਦੀ ਪੁਰਜ਼ੋਰ ਮੰਗ ਕੀਤੀ |