ਲੇਖਕ ਭਵਨ ਦੀ ਉਸਾਰੀ ਵਿੱਚ ਵਡਮੁੱਲਾ ਯੋਗਦਾਨ ਪਾਉਣ ਲਈ -ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਵੱਲੋਂ – ਪ੍ਰੋ ਮੀਤ ਖਟੜਾ ਦਾ ਸਨਮਾਨ
ਪ੍ਰੋਫੈਸਰ ਮੀਤ ਖਟੜਾ ਸਾਹਿਤ ਦੀ ਹਰ ਵਿਧਾ ਤੇ ਹੱਥ ਅਜਮਾਉਂਦੇ ਹਨ। ਉਹ ਮਿੰਨੀ ਕਹਾਣੀ ਲਿਖਦੇ ਹਨ, ਵਾਰਤਕ ਲਿਖਦੇ ਹਨ ਅਤੇ ਕਵਿਤਾ ਤੇ ਵੀ ਪਕੜ ਹੈ। ‘ਤਿਨਕਾ ਤਿਨਕਾ ਆਲਣਾ’ ਉਹਨਾਂ ਦੀ ਲੇਖਾਂ ਦੀ ਚਰਚਿਤ ਕਿਤਾਬ ਹੈ। ਲੰਬਾ ਸਮਾਂ ਉਨਾਂ ਨੇ ਸਰਕਾਰੀ ਕਾਲਜਾਂ ਵਿੱਚ ਅਧਿਆਪਨ ਕੀਤਾ ਹੈ। ਜਦੋਂ ਉਹ ਗੌਰਮੈਂਟ ਕਾਲਜ ਸੁਨਾਮ ਵਿੱਚ ਪੜਾਉਂਦੇ ਸਨ ਤਾਂ ਭਗਵੰਤ ਮਾਨ ਉਹਨਾਂ ਕੋਲੋਂ ਪੜ੍ਹਦੇ ਹੁੰਦੇ ਸਨ। ਜਦੋਂ ਉਹ ਸੰਗਰੂਰ ਪੜਾਉਂਦੇ ਸਨ ਤਾਂ ਹਰਪਾਲ ਚੀਮਾ ਉਹਨਾਂ ਦੇ ਵਿਦਿਆਰਥੀ ਸਨ। ਮਿਲਨ ਤੇ, ਦੋਵੇਂ ਖਟੜਾ ਸਾਹਿਬ ਦੇ ਗੋਡੀਂ ਹੱਥ ਲਾਉਂਦੇ ਹਨ।
ਮੀਤ ਖਟੜਾ ਜੀ ਮਾਲਵਾ ਲਿਖਾਰੀ ਸਭਾ ਸੰਗਰੂਰ ਨਾਲ ਪਹਿਲੇ ਦਿਨ ਤੋਂ ਜੁੜੇ ਹੋਏ ਹਨ।
ਲੇਖਕ ਭਵਨ ਦੀ ਉਸਾਰੀ ਲਈ ਜਦੋਂ ਪੈਸਿਆਂ ਦੀ ਲੋੜ ਪਈ ਤਾਂ ਉਹਨਾਂ ਨੇ ਆਪਣੇ ਸੰਗਰੂਰ ਵਾਲੇ ਸ਼ਾਗਿਰਦ ਦਾ ਦਰਵਾਜ਼ਾ ਜਾ ਖੜਕਾਇਆ। ਚੀਮਾ ਸਾਹਿਬ ਨੇ ਸਭਾ ਦੀ ਝੋਲੀ ਪੈਸਿਆਂ ਨਾਲ ਭਰ ਦਿੱਤੀ। ਉਸ ਮਾਇਆ ਨਾਲ ਲਿਖਾਰੀ ਭਵਨ ਦੀ ਖੂਬਸੂਰਤ ਇਮਾਰਤ ਉਸਰ ਗਈ।
ਖਟੜਾ ਸਾਹਿਬ ਦੀ ਪੰਜਾਬੀ ਸਾਹਿਤ ਅਤੇ ਸਾਹਿਤਕਾਰਾਂ ਲਈ ਪਾਏ ਇਸ ਯੋਗ ਦਾਨ ਲਈ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਵੱਲੋਂ ਲਿਖਾਰੀ ਸਭਾ ਦੇ 11ਵੇਂ ਸਥਾਪਨਾ ਦਿਵਸ ਸਮੇਂ ਉਹਨਾਂ ਦਾ ਸਨਮਾਨ ਕੀਤਾ ਗਿਆ।
ਭਾਈਚਾਰੇ ਦੀ ਨੁਮਾਇੰਦਗੀ ਮਿੱਤਰ ਸੈਨ ਮੀਤ, ਦਵਿੰਦਰ ਸਿੰਘ ਸੇਖਾ ਅਤੇ ਕਾਜਲ ਮਹਿਰਾ ਨੇ ਕੀਤੀ।

ਮਾਲਵਾ ਲਿਖਾਰੀ ਸਭਾ ਵੱਲੋਂ ਗੀਤਕਾਰ ਅਤੇ ਗਾਇਕ ਧਰਮੀ ਤੂੰਗਾਂ ਦੀ ਸਾਹਿਤਕ ਦੇਣ ਨੂੰ ਮਾਨਤਾ ਦਿੰਦੇ ਹੋਏ ਵਿਸ਼ੇਸ਼ ਸਨਮਾਨ ਕੀਤਾ ਗਿਆ। ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਵੱਲੋਂ ਵੀ ਤੂੰਗਾਂ ਦੀਆਂ ਸਾਹਿਤਿਕ ਅਤੇ ਸੱਭਿਆਚਾਰਕ ਸੇਵਾਵਾਂ ਦਾ ਸਤਿਕਾਰ ਕੀਤਾ ਗਿਆ।

ਇੱਕ ਯਾਦਗਾਰੀ ਪਲ

