
ਭਾਈਚਾਰੇ ਵੱਲੋਂ -ਮਕਸੂਦੜਾ ਦੀ ਲਾਇਬਰੇਰੀ ਨੂੰ 51 ਪੁਸਤਕਾਂ ਭੇਟ
ਪੰਜਾਬੀ ਲਿਖਾਰੀ ਸਭਾ ਮਕਸੂਦੜਾ ਉਂਗਲਾਂ ਤੇ ਗਿਣੀਆਂ ਜਾਣ ਵਾਲੀਆਂ ਪੇਂਡੂ ਸਾਹਿਤ ਸਭਾਵਾਂ ਵਿੱਚੋਂ ਇੱਕ ਹੈ। ਬਹੁਤੇ ਮੈਂਬਰਾਂ ਦਾ ਰੁਝਾਨ ਕਵੀਸ਼ਰੀ ਗਾਇਨ ਅਤੇ ਸਿਰਜਣ ਵੱਲ ਹੈ। ਸ਼ਾਇਦ ਇਸੇ ਲਈ ਇਸ ਸਭਾ ਨਾਲ ਜੁੜੇ ਲੇਖਕਾਂ ਦਾ ਸੁਭਾਅ ਜੁਝਾਰੂ ਹੈ। ਇਸ ਸਮੇਂ ਇਸ ਸਭਾ ਦੀ ਵਾਗਡੋਰ ਦਰਜਨਾਂ ਪੁਸਤਕਾਂ ਦੇ ਸਿਰਜਕ ਬਲਿਹਾਰ ਸਿੰਘ ਗੋਬਿੰਦਗੜ੍ਹੀਆ ਦੇ ਹੱਥ ਹੈ। ਕਈ ਸਾਲਾਂ ਤੋਂ ਪਿੰਡ ਦਾ ਪਟਵਾਰਖਾਨਾ ਵਿਰਾਨ ਪਿਆ ਸੀ। ਸਭਾ ਦੇ ਅਗਾਂਹਵਧੂ ਲੇਖਕਾਂ ਨੇ ਹਿੰਮਤ ਕਰਕੇ ਪਟਵਾਰਖਾਨੇ ਨੂੰ ਸ਼ਹੀਦ ਭਗਤ ਸਿੰਘ ਲਾਇਬਰੇਰੀ ਵਿੱਚ ਤਬਦੀਲ ਕਰ ਲਿਆ। ਹਲਕੇ ਦੇ ਵਿਧਾਇਕ ਨੂੰ ਪ੍ਰੇਰਕੇ ਉਨਾਂ ਤੋਂ ਮਾਲੀ ਸਹਾਇਤਾ ਲਈ ਅਤੇ ਲਾਇਬਰੇਰੀ ਦੀ ਇਮਾਰਤ ਨੂੰ ਨਵ ਵਿਆਹੀ ਵਹੁਟੀ ਵਾਂਗ ਸਜਾ ਲਿਆ। ਪਹਿਲਾਂ ਪੁਸਤਕਾਂ ਲਈ ਅਲਮਾਰੀਆਂ ਆਈਆਂ। ਫੇਰ ਉਦਮੀ ਮੈਂਬਰਾਂ ਦੇ ਉਪਰਾਲੇ ਨਾਲ ਅਲਮਾਰੀਆਂ ਪਾਏਦਾਰ ਪੁਸਤਕਾਂ ਨਾਲ ਸਜ ਗਈਆਂ।
ਤਜ਼ਰਬੇ ਤੋਂ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਦੀ ਟੀਮ ਨੇ ਸਿੱਖਿਆ ਹੈ ਕਿ ਬਹੁਤ ਸਾਰੇ ਲੇਖਕਾਂ ਦੀਆਂ ਨਿੱਜੀ ਲਾਇਬਰੇਰੀਆਂ ਹਜ਼ਾਰਾਂ ਬਹੁਮੁੱਲੀਆਂ ਪੁਸਤਕਾਂ ਨਾਲ ਭਰੀਆਂ ਹੁੰਦੀਆਂ ਹਨ ਪਰ ਉਨ੍ਹਾਂ ਦੇ ਪੁੱਤਾਂ ਧੀਆਂ ਨੂੰ ਉਨ੍ਹਾਂ ਦੀ ਸਾਹਿਤਿਕ ਵਿਰਾਸਤ ਵਿੱਚ ਕੋਈ ਦਿਲਚਸਪੀ ਨਹੀਂ ਹੁੰਦੀ। ਸੰਸਾਰ ਤੋਂ ਵਿਦਾ ਹੋਣ ਬਾਅਦ ਉਨ੍ਹਾਂ ਦੀਆਂ ਪੁਸਤਕਾਂ ਨੂੰ ਰੱਦੀ ਵਿਚ ਵੇਚ ਦਿੱਤਾ ਜਾਂਦਾ ਹੈ।
ਇਹ ਤਜਰਬਾ ਵੀ ਹੋਇਆ ਕਿ ਜਿਹੜੇ ਲੇਖਕ ਪੱਕੇ ਤੌਰ ਤੇ ਅਮਰੀਕਾ, ਕਨੇਡਾ ਜਾਂ ਹੋਰ ਬਾਹਰਲੇ ਦੇਸਾਂ ਵਿੱਚ ਚਲੇ ਜਾਂਦੇ ਹਨ ਉਨਾਂ ਦੀਆਂ ਪੁਸਤਕਾਂ ਦੀ ਵੀ ਕੋਈ ਸਾਂਭ ਸੰਭਾਲ ਨਹੀਂ ਹੁੰਦੀ ਅਤੇ ਉਹ ਵੀ ਅਖ਼ੀਰ ਰੱਦੀ ਦਾ ਸ਼ਿੰਗਾਰ ਬਣ ਜਾਂਦੀਆਂ ਹਨ।
ਭਾਈਚਾਰੇ ਦੀ ਟੀਮ ਵੱਲੋਂ ਫ਼ੈਸਲਾ ਕੀਤਾ ਗਿਆ ਕਿ ਫੌਤ ਹੋ ਚੁੱਕੇ ਲੇਖਕਾਂ ਦੇ ਵਾਰਸਾਂ ਅਤੇ ਪ੍ਰਵਾਸ ਕਰ ਗਏ ਲੇਖਕਾਂ ਤੱਕ ਪਹੁੰਚ ਕਰਕੇ ਉਨ੍ਹਾਂ ਦੀ ਸਾਹਿਤਿਕ ਵਿਰਾਸਤ ਨੂੰ ਸੰਭਾਲ ਲਿਆ ਜਾਵੇ। ਫੇਰ ਪੁਸਤਕਾਂ ਨੂੰ ਲਾਇਬ੍ਰੇਰੀਆਂ ਤੱਕ ਪੁੱਜਦਾ ਕਰ ਦਿੱਤਾ ਜਾਵੇ।
ਪੱਤਰਕਾਰ ਬਲਬੀਰ ਸਿੰਘ ਬੱਬੀ ਰਾਹੀਂ ਜਦੋਂ ਅਸੀਂ ਮਕਸੂਦੜਾ ਦੀ ਲਾਇਬਰੇਰੀ ਦੀ ਚਰਚਾ ਸੁਣੀ ਤਾਂ ਅਸੀਂ ਮਨ ਬਣਾਇਆ ਕਿ ਲੇਖਕਾਂ ਤੋਂ ਇਕੱਠੀਆਂ ਕੀਤੀਆਂ ਕਰੀਬ 200 ਪੁਸਤਕਾਂ ਵਿੱਚੋਂ, ਘੱਟੋ ਘੱਟ 50 ਉੱਤਮ ਪੁਸਤਕਾਂ ਇਸ ਲਾਇਬਰੇਰੀ ਨੂੰ ਦਿੱਤੀਆਂ ਜਾਣ।
ਅਸੀਂ ਆਪਣੀ ਇਹ ਮਨਸ਼ਾ ਬਲਬੀਰ ਸਿੰਘ ਬੱਬੀ ਨਾਲ ਸਾਂਝੀ ਕੀਤੀ।
ਸਭਾ ਦਾ ਸਲਾਨਾ ਸਮਾਗਮ 20 ਦਸੰਬਰ 2025 ਨੂੰ ਹੋਣਾ ਸੀ। ਸਾਨੂੰ ਉਸ ਸਮਾਗਮ ਵਿੱਚ ਹਾਜ਼ਰ ਹੋਣ ਲਈ ਸੱਦਾ ਆ ਗਿਆ। ਸਾਡੀ ਟੀਮ ਦੇ ਸੰਸਥਾਪਕ ਮੈਂਬਰ ਦਵਿੰਦਰ ਸਿੰਘ ਸੇਖਾ ਜਨਵਰੀ/ਫਰਵਰੀ ਵਿੱਚ ਪੱਕੇ ਤੌਰ ਤੇ ਅਮਰੀਕਾ ਜਾ ਰਹੇ ਹਨ। ਉਨ੍ਹਾਂ ਨੇ ਆਪਣੀ ਸਾਰੀ ਲਾਇਬਰੇਰੀ ਸਾਡੇ ਹਵਾਲੇ ਕਰ ਦਿੱਤੀ ਹੈ। ਨਿਸ਼ਚਿਤ ਦਿਨ ਤੇ ਮਿੱਤਰ ਸੈਨ ਮੀਤ ਅਤੇ ਦਵਿੰਦਰ ਸਿੰਘ ਸੇਖਾ ਸਮਾਗਮ ਵਿੱਚ ਪਹੁੰਚ ਗਏ। ਲਾਇਬਰੇਰੀ ਦਾ ਪੂਰਾ ਹਾਲ ਲੇਖਕਾਂ ਤੇ ਸਾਹਿਤ ਪ੍ਰੇਮੀਆਂ ਨਾਲ ਭਰਿਆ ਹੋਇਆ ਸੀ। ਪ੍ਰਸ਼ੰਸਾ ਵਾਲੀ ਗੱਲ ਇਹ ਸੀ ਕਿ ਇਸ ਸਮਾਗਮ ਵਿੱਚ ਇਸਤਰੀਆਂ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ ਅਤੇ ਉਹ ਸਮਾਗਮ ਦੀ ਸਮਾਪਤੀ ਤੱਕ ਹਾਜ਼ਰ ਰਹੀਆਂ।
ਪ੍ਰਧਾਨਗੀ ਮੰਡਲ

ਦਰਸ਼ਕ


ਸਭਾ ਵੱਲੋਂ ਹਰ ਸਾਲ ਦੋ ਸਾਹਿਤਕਾਰਾਂ ਨੂੰ ਪੁਰਸਕਾਰ ਦਿੱਤੇ ਜਾਂਦੇ ਹਨ। ਇਸ ਵਾਰ ਦੇ ‘ਗੀਤ ਰਤਨ ਪੁਰਸਕਾਰ’ ਲਈ ਸੰਤ ਸਿੰਘ ਸੋਹਲ ਅਤੇ ‘ਮੇਲੀ ਮਕਸੂਦੜਾ ਪੁਰਸਕਾਰ’ ਲਈ ਸ਼ਾਇਰ ਅਤੇ ਪ੍ਰਕਾਸ਼ਕ ਦੀਪ ਦਿਲਬਰ ਨੂੰ ਚੁਣਿਆ ਗਿਆ ਸੀ। ਮਕਸੂਦੜਾ ਪਿੰਡ ਦੇ ਕਿਰਤੀ ਗੀਤਕਾਰ ਮੇਲੀ ਮਕਸੂਦੜਾ ਦੇ ਜੀਵਨ ਅਤੇ ਰਚਨਾ ਬਾਰੇ ਪ੍ਰੀਤ ਸੰਧੂ ਵੱਲੋਂ ਸੰਪਾਦਿਤ ਪੁਸਤਕ ਵੀ ਲੋਕ ਅਰਪਣ ਕੀਤੀ ਜਾਣੀ ਸੀ। ਸਮਾਗਮ ਦੀ ਪ੍ਰਧਾਨਗੀ ਗੁਲਜ਼ਾਰ ਪੰਧੇਰ ਅਤੇ ਸੁਰਿੰਦਰ ਰਾਮਪੁਰੀ ਵੱਲੋਂ ਕੀਤੀ ਗਈ। ਮੁੱਖ ਮਹਿਮਾਨ ਮਿੱਤਰ ਸੈਨ ਮੀਤ ਅਤੇ ਵਿਸ਼ੇਸ਼ ਮਹਿਮਾਨ ਬਲਦੇਵ ਸਿੰਘ ਝੱਜ ਸਨ।
ਸੰਤ ਸਿੰਘ ਸੋਹਲ ਦੀ ਸਾਹਿਤਕ ਦੇਣ ਬਾਰੇ ਜਾਣਕਾਰੀ ਗੁਰਮੀਤ ਸਿੰਘ ਗਿੱਲ ਵੱਲੋਂ ਅਤੇ ਦੀਪ ਦਿਲਬਰ ਬਾਰੇ ਬਲਬੀਰ ਸਿੰਘ ਬੱਬੀ ਵੱਲੋਂ ਦਿੱਤੀ ਗਈ। ਮੇਲੀ ਮਕਸੂਦੜਾ ਦੀਆਂ ਸਾਹਿਤਕ ਪ੍ਰਾਪਤੀਆਂ ਦੇ ਨਾਲ ਨਾਲ ਲੋਕ ਅਰਪਣ ਕੀਤੀ ਜਾ ਰਹੀ ਪੁਸਤਕ ‘ਮੇਲੀ ਮਕਸੂਦੜਾ ਦੇ ਜੀਵਨ ਅਤੇ ਰਚਨਾ’ ਬਾਰੇ ਜਾਣਕਾਰੀ ਕਵੀਸ਼ਰ ਗੁਰਸੇਵਕ ਸਿੰਘ ਢਿੱਲੋ ਵੱਲੋਂ ਸਾਂਝੀ ਕੀਤੀ ਗਈ।
ਪੁਸਤਕ ਲੋਕ ਅਰਪਣ

ਸਨਮਾਨ


ਸਨਮਾਨਤ ਸ਼ਖ਼ਸੀਅਤਾਂ ਵੱਲੋਂ ਆਪਣੇ ਵਿਚਾਰ





ਮਿੱਤਰ ਸੈਨ ਮੀਤ ਅਤੇ ਦਵਿੰਦਰ ਸਿੰਘ ਸੇਖਾ ਵੱਲੋਂ ਸਭਾ ਦੀ ਲਾਇਬਰੇਰੀ ਲਈ 51 ਪੁਸਤਕਾਂ ਦੇ ਨਾਲ ਨਾਲ ਆਪਣੇ ਨਾਵਲਾਂ ਅਤੇ ਸੰਪਾਦਿਤ ਪੁਸਤਕਾਂ ਭੇਂਟ ਕੀਤੀਆਂ ਗਈਆਂ।
ਪੁਸਤਕਾਂ ਭੇਟ


ਇਸ ਸਮਾਗਮ ਦਾ ਇਕ ਯਾਦਗਾਰੀ ਪਲ -ਮਿੱਤਰ ਸੈਨ ਮੀਤ ਅਤੇ ਬਲਬੀਰ ਸਿੰਘ ਬੱਬੀ

ਮੀਡੀਆ ਸਹਿਯੋਗ



