ਭਾਈਚਾਰੇ ਵੱਲੋਂ ਗੁਰਸ਼ਰਨ ਭਾਅ ਦੀ ਪਾਈ ਲੀਹ ਤੇ ਪਹਿਲਾ ਕਦਮ
ਗੁਰਸ਼ਰਨ ਭਾਅ ਜੀ ਨੇ ਜਿੱਥੇ ਪੰਜਾਬ ਵਿੱਚ ਇਨਕਲਾਬੀ ਲਹਿਰ ਖੜੀ ਕੀਤੀ, ਨਾਟਕਾਂ ਰਾਹੀਂ ਮਜ਼ਦੂਰਾਂ ਕਿਸਾਨਾਂ ਨੂੰ ਉਨ੍ਹਾਂ ਦੇ ਹੱਕਾਂ ਬਾਰੇ ਜਾਗਰੂਕ ਕੀਤਾ ਉੱਥੇ ਵਧੀਆ ਸਾਹਿਤ ਨੂੰ ਲਾਗਤ ਮੁਲ ਤੇ ਪਾਠਕਾਂ ਤੱਕ ਪਹੁੰਚਾਉਣ ਦਾ ਬੀੜਾ ਵੀ ਚੁੱਕਿਆ। ਉਨਾਂ ਦੀ ਇਸ ਪਹਿਲ ਕਦਮੀ ਨੇ ਜਿੱਥੇ ਸੈਂਕੜੇ ਇਨਕਲਾਬੀ ਯੋਧੇ, ਨਾਟਕ ਕਰਮੀ ਪੈਦਾ ਕੀਤੇ ਉੱਥੇ ਸਾਹਿਤਕ ਖੇਤਰ ਵਿੱਚ ਦਰਜ਼ਨਾਂ ਲੋਕ ਪੱਖੀ ਸਾਹਿਤਕਾਰਾਂ ਨੂੰ ਵੀ ਸਥਾਪਿਤ ਹੋਣ ਦਾ ਮੌਕਾ ਦਿੱਤਾ।
ਭਾਅ ਜੀ ਦੇ ਇੱਕ (ਲੋਕ ਪੱਖੀ ਸਾਹਿਤ ਨੂੰ ਪ੍ਰਕਾਸ਼ਿਤ ਕਰਨ ਦੇ) ਸੁਪਨੇ ਨੂੰ ਸਾਕਾਰ ਕਰਨ ਦੇ ਉਦੇਸ਼ ਨਾਲ ਭਾਈਚਾਰੇ ਵੱਲੋਂ ‘ਭਾਅ ਜੀ ਗੁਰਸ਼ਰਨ ਸਿੰਘ ਯਾਦਗਾਰੀ -ਜਨ ਸਾਹਿਤ ਲੜੀ’ ਸ਼ੁਰੂ ਕਰਕੇ ਪਹਿਲੇ ਕਦਮ ਵੱਜੋ ਚਾਰ ਪੁਸਤਕਾਂ ਹਵਾਲਾਤ , ਪਹੁ ਫੁਟਾਲਾ, ਨਾਨੀ ਦੀਆਂ ਬਾਤਾਂ ਅਤੇ ਚੌਵੀ ਖੂਹਾਂ ਤੇ ਪ੍ਰਕਾਸ਼ਿਤ ਕੀਤੀਆਂ ਹਨ।
ਪਹਿਲਾਂ ਇੰਨ੍ਹਾਂ ਕਿਤਾਬਾਂ ਦੀ ਜਾਣ ਪਹਿਚਾਣ
ਦਵਿੰਦਰ ਸਿੰਘ ਸੇਖਾ ਦਾ ਨਾਵਲ ਪਹੁ ਫੁਟਾਲਾ

ਦਵਿੰਦਰ ਸਿੰਘ ਸੇਖਾ ਨੇ ਇਹ ਨਾਵਲ (1999 ਵਿੱਚ) ਉਸ ਸਮੇਂ ਲਿਖਿਆ ਸੀ ਜਦੋਂ ਪੰਜਾਬ ਵਿੱਚ ਸਿੱਖ ਖਾੜਕੂ ਲਹਿਰ ਆਪਣੇ ਜੋਬਨ ਤੇ ਸੀ। ਇਸ ਨਾਵਲ ਦੀ ਨਾਇਕਾ ਇੱਕ ਦਲਿਤ ਮੁਟਿਆਰ ਹੈ ਜਿਸਦੇ ਪਰਿਵਾਰ ਦੇ ਹਰ ਮੈਂਬਰ ਦਾ ਹਰ ਢੰਗ ਨਾਲ ਸ਼ੋਸ਼ਣ ਹੁੰਦਾ ਹੈ। ਅਖ਼ੀਰ ਉਹ ਖਾੜਕੂ ਸਿੰਘਾਂ ਦੇ ਸੰਪਰਕ ਵਿੱਚ ਆਉਂਦੀ ਹੈ ਅਤੇ ਸਿੱਖ ਫਲਸਫੇ ਤੋਂ ਪ੍ਰੇਰਣਾ ਲੈ ਕੇ ਆਪਣੇ ਤੇ ਹੋਏ ਅੱਤਿਆਚਾਰਾਂ ਦਾ ਬਦਲਾ ਲੈਣ ਲਈ ਹਥਿਆਰ ਚੁੱਕਦੀ ਹੈ। ਨਾਵਲ ਦੀ ਵੱਡੀ ਖ਼ੂਬੀ ਇਹ ਹੈ ਕਿ ਇਸ ਦੇ ਪਾਤਰ ਹਥਿਆਰ ਚੁੱਕਣ ਦੀ ਪ੍ਰੇਰਣਾ ਕਿਸੇ ਵਿਦੇਸ਼ੀ ਫ਼ਲਸਫ਼ੇ ਤੋਂ ਨਹੀਂ ਸਗੋਂ ਆਪਣੇ (ਸਿੱਖੀ) ਸੱਭਿਆਚਾਰ ਤੋਂ ਪ੍ਰਾਪਤ ਕਰਦੇ ਹਨ। ਉਹ ਵੀ ਹੱਕ ਖੋਹਣ ਲਈ ਨਹੀਂ ਸਗੋਂ ਆਪਣੇ ਅਤੇ ਆਪਣੇ ਵਰਗੇ ਮਜ਼ਲੂਮਾਂ ਤੇ ਹੋ ਰਹੇ ਅੱਤਿਆਚਾਰਾਂ ਦਾ ਬਦਲਾ ਲੈਣ ਲਈ। ਨਾਵਲ ਦੀ ਇਸੇ ਵਿਲੱਖਣਤਾ ਕਾਰਨ ਸੰਸਥਾ ਵੱਲੋਂ ਇਹ ਨਾਵਲ ਸੁਰ ਸਾਂਝ ਲੜੀ ਅਧੀਨ ਛਾਪਿਆ ਗਿਆ ਹੈ। (ਪੰਨੇ-120)
ਜਸਵਿੰਦਰ ਸਿੰਘ ਛਿੰਦਾ ਦਾ ਨਾਵਲ ਹਵਾਲਾਤ

ਕਰੀਬ 40 ਸਾਲ ਪਹਿਲਾਂ ਜਦੋਂ ਪੰਜਾਬ ਕਾਲੇ ਦੌਰ ਵਿੱਚੋਂ ਦੀ ਲੰਘ ਰਿਹਾ ਸੀ ਤਾਂ ਉਸ ਸਮੇਂ ਪੁਲਿਸ ਵੱਲੋਂ ਨਿਰਦੋਸ਼ ਲੋਕਾਂ ਨੂੰ ਆਪਣੀ ਹਿਰਾਸਤ ਵਿੱਚ ਹੀ ਨਹੀਂ ਲਿਆ ਗਿਆ ਸਗੋਂ ਉਨ੍ਹਾਂ ਤੇ ਬੇਤਹਾਸ਼ਾ ਤਸ਼ੱਦਦ ਵੀ ਕੀਤਾ ਗਿਆ। ਹਵਾਲਾਤ ਨਾਵਲ ਵਿੱਚ ਛਿੰਦੇ ਨੇ ਅਜਿਹੀ ਇੱਕ ਘਟਨਾ ਨੂੰ ਆਧਾਰ ਬਣਾ ਕੇ ਉਸ ਸਮੇਂ ਦੇ ਪੁਲਿਸ ਸੱਭਿਆਚਾਰ ਨੂੰ ਬਰੀਕੀ ਨਾਲ ਚਿਤਰਿਆ ਹੈ।
ਅਜੋਕੇ ਸਮੇਂ ਇਸ ਨਾਵਲ ਦੀ ਸਾਰਥਕਤਾ ਇਸ ਲਈ ਵੱਧ ਬਣ ਜਾਂਦੀ ਹੈ ਕਿਉਂਕਿ ਪੰਜਾਬੀਆਂ ਨੂੰ ਉਸ ਕਾਲੇ ਦੌਰ ਦੀ ਆਹਟ ਇੱਕ ਵਾਰ ਫੇਰ ਸੁਣਾਈ ਦੇਣ ਲੱਗ ਪਈ ਹੈ। (ਪੰਨੇ-100)
ਹਰਪ੍ਰੀਤ ਕੌਰ ਸੰਧੂ ਦੀ ਬਾਲ ਕਹਾਣੀਆਂ ਦੀ ਪੁਸਤਕ ਨਾਨੀ ਦੀਆਂ ਬਾਤਾਂ

ਕੋਈ ਸਮਾਂ ਸੀ ਜਦੋਂ ਦਾਦੀਆਂ ਨਾਨੀਆਂ ਆਪਣੇ ਪੋਤੇ-ਪੋਤੀਆਂ, ਦੋਹਤੇ-ਦੋਹਤੀਆਂ ਨੂੰ ਬੁੱਕਲ ਵਿੱਚ ਬਿਠਾ ਕੇ ਆਪਣੇ ਅਮੀਰ ਵਿਰਸੇ ਵਿੱਚ ਸਮੋਈਆਂ ਲੋਕ ਕਥਾਵਾਂ ਨੂੰ ਟਟੋਲਦੀਆਂ ਸਨ ਅਤੇ ਉਨ੍ਹਾਂ ਰਾਹੀਂ ਬੱਚਿਆਂ ਵਿੱਚ ਨਿਗਰ ਕਦਰਾਂ ਕੀਮਤਾਂ ਦਾ ਸੰਚਾਰ ਕਰਦੀਆਂ ਸਨ। ਹੁਣ ਨਾ ਉਹ ਦਾਦੀਆਂ ਨਾਨੀਆਂ ਰਹੀਆਂ ਹਨ ਅਤੇ ਨਾ ਹੀ ਸਬਰ ਨਾਲ ਬਾਤਾਂ ਸੁਣਨ ਵਾਲੇ ਬੱਚੇ।
ਪਰ ਇਨ੍ਹਾਂ ਲੋਕ ਕਹਾਣੀਆਂ ਦੀ ਸੱਭਿਆਚਾਰਕ ਅਤੇ ਸਮਾਜਿਕ ਮਹੱਤਤਾ ਨੂੰ ਸਮਝਦੇ ਹੋਏ, ਹਰਪ੍ਰੀਤ ਕੌਰ ਸੰਧੂ ਨੇ ਨਾਨੀ- ਦਾਦੀ ਬਣਕੇ, ਸਾਡੇ ਅਮੀਰ ਵਿਰਸੇ ਨੂੰ ਸਾਂਭਣ ਦਾ ਬੀੜਾ ਚੁੱਕਿਆ ਹੈ। ਹਰਪ੍ਰੀਤ ਨੇ, ਆਪਣੀ ਕਲਾ ਦੇ ਜੌਹਰ ਰਾਹੀਂ ਕਹਾਣੀਆਂ ਵਿਚਲੇ ਕਰਾਮਾਤੀ ਅੰਸ਼ ਨੂੰ ਤਰਕ ਸੰਗਤ ਰੰਗਤ ਦਿੱਤੀ ਅਤੇ ਇਨ੍ਹਾਂ ਨੂੰ ਸਮੇਂ ਦੇ ਹਾਣ ਦੀਆਂ ਬਣਾਇਆ ਹੈ। (ਪੰਨੇ-80)
ਨਿਰਮਲ ਸਿੰਘ ਢੁੱਡੀਕੇ ਦਾ ਕਾਵ ਸੰਗ੍ਰਹਿ ‘ਚੌਵੀ ਖੂਹਾਂ ਤੇ‘

ਪ੍ਰਕਾਸ਼ਕ
ਪੁਸਤਕਾਂ ਅਲਫਾਜ਼ ਪ੍ਰਕਾਸ਼ਨ ਲੁਧਿਆਣਾ ਵੱਲੋਂ ਛਾਪੀਆਂ ਗਈਆਂ ਹਨ।
ਕੀਮਤ
ਤਿੰਨ ਕਿਤਾਬਾਂ (ਹਵਾਲਾਤ, ਪਹੁ ਫੁਟਾਲਾ ਅਤੇ ਨਾਨੀ ਦੀਆਂ ਬਾਤਾਂ) ਦਾ ਸੈੱਟ ਲਾਗਤ ਕੀਮਤ (240 ਰੁਪਏ) ਵਿੱਚ ਉਪਲਬਧ ਕਰਵਾਇਆ ਜਾ ਰਿਹਾ ਹੈ।
ਪੁਸਤਕਾਂ
ਸ਼ਹੀਦ ਭਗਤ ਸਿੰਘ ਬੁੱਕ ਸੈਂਟਰ, ਪੰਜਾਬੀ ਭਵਨ ਲੁਧਿਆਣਾ ਫ਼ੋਨ ਨੰਬਰ (94176 42785)
ਜਾਂ
ਅਲਫਾਜ਼ ਪ੍ਰਕਾਸ਼ਨ ਫ਼ੋਨ ਨੰਬਰ (98145 00445) ਤੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।
