ਗਰਚਾ ਪਰਿਵਾਰ ਵਲੋਂ – ਸਨਮਾਨ ਲਈ –ਵਿਆਹ ਵਰਗਾ ਸਮਾਗਮ ਰਚਾਇਆ ਗਿਆ
ਸ੍ਰ ਮਿਲਖਾ ਸਿੰਘ ਗਰਚਾ (ਪਿੰਡ ਸੱਲ ਕਲਾਂ, ਤਹਸੀਲ ਬੰਗਾ) ਆਪਣੇ ਸਮਿਆਂ ਦੀ ਇੱਕ ਸਿਰ ਕੱਢ ਸ਼ਖਸ਼ੀਅਤ ਸਨ। 28 ਸਾਲ (ਸਾਲ 1952 ਤੋਂ 1980 ਤੱਕ) ਉਹ ਤਿੰਨ ਪਿੰਡਾਂ (ਸੱਲ ਖੁਰਦ, ਸੱਲ ਕਲਾ ਅਤੇ ਲਾਧੀਆਂ) ਦੀ ਸਾਂਝੀ ਪੰਚਾਇਤ ਦੇ ਸਰਪੰਚ ਰਹੇ। ਆਪਣੀ ਸਰਪੰਚੀ ਦੇ ਕਾਰਜ਼ ਕਾਲ ਵਿੱਚ ਉਨ੍ਹਾਂ ਨੇ ਇੱਕ ਵੀ ਝਗੜਾ ਥਾਣੇ ਨਹੀਂ ਜਾਣ ਦਿੱਤਾ। ਇਥੋਂ ਤੱਕ ਕਿ ਕਤਲਾਂ ਦੀਆਂ ਦੋ ਵੱਖ ਵੱਖ ਵਾਰਦਾਤਾਂ ਨੂੰ ਵੀ ਸੁਲਾਹ ਸਫ਼ਾਈ ਨਾਲ ਸੁਲਝਾਇਆ । ਸਾਲ 1938 ਤੋਂ ਸਾਲ 1979 ਤੱਕ ਉਹ ਆਪਣੇ ਪਿੰਡ ਦੀ ਐਗਰੀਕਲਚਰਲ ਸੁਸਾਇਟੀ ਦੇ ਕਰਤਾ ਧਰਤਾ ਰਹੇ। ਰਹਿਮ ਦਿਲ ਇੰਨੇ ਕਿ ਜੇ ਕਰਜ਼ਾ ਟੁੱਟਣ ਕਾਰਨ ਸੁਸਾਇਟੀ ਦੇ ਕਿਸੇ ਮੈਂਬਰ ਦੀ ਜ਼ਮੀਨ ਦੀ ਕੁਰਕੀ ਦੇ ਹੁਕਮ ਹੋਏ ਤਾਂ ਉਨ੍ਹਾਂ ਨੇ ਆਪਣੇ ਕੋਲੋਂ ਪੈਸੇ ਭਰ ਕੇ ਪਿੰਡ ਵਾਸੀਆਂ ਨੂੰ ਨਮੋਸ਼ੀ ਤੋਂ ਬਚਾਇਆ। ਉਨ੍ਹਾਂ ਦੀ ਪਤਨੀ ਸੁਰਜੀਤ ਕੌਰ ਦਰਿਆ ਦਿਲੀ ਵਿੱਚ ਸ੍ਰ ਮਿਲਖਾ ਸਿੰਘ ਤੋਂ ਵੀ ਦੋ ਕਦਮ ਅੱਗੇ ਸੀ। ਸਰਪੰਚ ਕੋਲ ਕੰਮੀ ਕਾਰੀ ਆਏ ਲੋਕਾਂ ਨੂੰ ਲੰਗਰ ਉਹ ਆਪਣੇ ਹੱਥੀਂ ਬਣਾ ਕੇ ਖਵਾਉਂਦੇ ਸਨ। ਮਾੜੇ ਧੀੜੇ ਦੇ ਘਰ ਕਣਕ ਦੀਆਂ ਬੋਰੀਆਂ ਪਹੁੰਚਾਉਂਦੇ ਸਨ। ਗਰੀਬ ਕੁੜੀਆਂ ਦੇ ਵਿਆਹ ਰਚਾਉਂਦੇ ਸਨ। ਪਿੰਡ ਵਾਸੀ ਦੋਹਾਂ ਸ਼ਖਸ਼ੀਅਤਾਂ ਨੂੰ ਰੱਬ ਵਾਂਗੂੰ ਪੂਜਦੇ ਸਨ।
ਮਿਲਖਾ ਸਿੰਘ ਗਰਚਾ ਜੀ ਦੇ ਪੰਜ ਬੇਟੇ ਅਤੇ ਤਿੰਨ ਧੀਆਂ ਹਨ। ਇੰਨੀ ਦਿਨੀਂ ਪੰਜੇ ਬੇਟੇ ਕਨੇਡਾ ਵਿੱਚ ਰਹਿੰਦੇ ਹਨ। ਕਿਰਪਾਲ ਸਿੰਘ ਗਰਚਾ ਸਭ ਤੋਂ ਵੱਡੇ ਹਨ। ਦੂਜੇ ਬੇਟੇ ਹਨ ਹਰਦਿਆਲ ਸਿੰਘ ਗਰਚਾ, ਰਣਜੀਤ ਸਿੰਘ ਗਰਚਾ, ਸੁਖਦੇਵ ਸਿੰਘ ਗਰਚਾ ਅਤੇ ਜਸਵਿੰਦਰ ਸਿੰਘ ਗਰਚਾ। ਜਮੀਨ ਜਾਇਦਾਦ ਦੇ ਨਾਲ ਨਾਲ ਮਿਲਖਾ ਸਿੰਘ ਗਰਚਾ ਹੋਰਾਂ ਨੇ ਆਪਣੇ ਪਰਿਵਾਰ ਨੂੰ ਸਰਬੱਤ ਦਾ ਭਲਾ ਵਾਲੇ ਸੰਸਕਾਰਾਂ ਨਾਲ ਵੀ ਨਿਵਾਜ਼ਿਆ ਹੈ। ਮਾਤਾ ਪਿਤਾ ਤੋਂ ਮਿਲੀ ਵਿਰਾਸਤ ਨੂੰ ਅੱਗੇ ਤੋਰਦਿਆਂ ਗਰਚਾ ਭਰਾ ਜਿੱਥੇ ਲੋੜਮੰਦ ਵਿਦਿਆਰਥੀਆਂ ਦੀਆਂ ਫੀਸਾਂ ਭਰਦੇ ਹਨ ਉੱਥੇ ਗਰੀਬ ਬਿਮਾਰ ਵਿਅਕਤੀਆਂ ਦੇ ਇਲਾਜ ਲਈ ਦਵਾਈ ਬੂਟੀ ਦਾ ਪ੍ਰਬੰਧ ਵੀ ਕਰਦੇ ਹਨ। 60 ਲੱਖ ਰੁਪਇਆ ਖ਼ਰਚ ਕੇ ਪਿੰਡ ਦੇ ਸਕੂਲ ਦੀ ਨਵੀਂ ਇਮਾਰਤ ਉਸਾਰੀ ਹੈ। ਪਿੰਡ ਵਿੱਚ ਸੈਂਕੜੇ ਦਰਖ਼ਤ ਲਗਵਾਏ ਹਨ। ਆਪਣੀ 27 ਏਕੜ ਜ਼ਮੀਨ ਅੱਧੇ ਠੇਕੇ ਤੇ ਇਸ ਸ਼ਰਤ ਤੇ ਦਿੱਤੀ ਹੈ ਕਿ ਜ਼ਮੀਨ ਵਿੱਚ ਝੋਨੇ ਦੀ ਥਾਂ ਔਰਗੈਨਿਕ ਫ਼ਸਲ ਬੀਜੀ ਜਾਵੇਗੀ।
ਕਿਰਪਾਲ ਸਿੰਘ ਗਰਚਾ 1970 ਵਿੱਚ ਕੈਨੇਡਾ ਚਲੇ ਗਏ ਸਨ। ਹੱਡ ਭਨਵੀਂ ਮਿਹਨਤ ਕਰਕੇ ਉਨ੍ਹਾਂ ਨੇ ਕਨੇਡਾ ਵਿੱਚ ਚੰਗੀ ਚੋਖੀ ਜਾਇਦਾਦ ਦੇ ਨਾਲ ਨਾਲ ਢੇਰ ਸਾਰਾ ਅਸਰ ਰਸੂਖ਼ ਵੀ ਕਮਾਇਆ। ਉਨ੍ਹਾਂ ਨੇ ਨਾ ਆਪਣੀ ਜਨਮ ਭੂਮੀ ਨਾਲੋਂ ਨਾਤਾ ਤੋੜਿਆ ਅਤੇ ਨਾ ਹੀ ਮਾਂ ਬੋਲੀ ਪੰਜਾਬੀ ਤੋਂ। ਪਹਿਲਾਂ ਹੋਰ ਸਾਥੀਆਂ ਨਾਲ ਮਿਲ ਕੇ, ਕਿਰਪਾਲ ਸਿੰਘ ਗਰਚਾ ਨੇ ਕਨੇਡਾ ਵਿੱਚ ਪੰਜਾਬੀ ਨੂੰ ਬਣਦੀ ਥਾਂ ਦਿਵਾਉਣ ਲਈ ਸੰਘਰਸ਼ ਵੀ ਕੀਤਾ ਅਤੇ ਆਪਣੇ ਅਸਰ ਰਸੂਖ਼ ਨੂੰ ਵੀ ਵਰਤਿਆ।
ਅੱਜ ਕੱਲ ਪੰਜਾਬ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਸਰਕਾਰੇ ਦਰਬਾਰੇ ਬਣਦਾ ਮਾਨ ਸਨਮਾਨ ਦਿਵਾਉਣ ਲਈ ਯਤਨਸ਼ੀਲ ਹਨ।
ਕਨੇਡਾ ਵਿੱਚ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਯਤਨਸ਼ੀਲ ਸ਼ਖਸ਼ੀਅਤਾਂ (ਜਿੰਨਾ ਵਿੱਚੋਂ ਇੱਕ ਕਿਰਪਾਲ ਸਿੰਘ ਗਰਚਾ ਵੀ ਹਨ) ਦੀ ਪ੍ਰੇਰਨਾ ਨਾਲ ਪੰਜਾਬ ਵਿੱਚ ਇੱਕ ਸੰਸਥਾ, ਜਿਸ ਦਾ ਨਾਂ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਹੈ, ਦੀ ਅੱਠ ਸਾਲ ਪਹਿਲਾਂ ਸਥਾਪਨਾ ਕੀਤੀ ਗਈ। ਇਸ ਸੰਸਥਾ ਨੇ ਪੰਜਾਬ ਸਰਕਾਰ ਦੇ ਦਫਤਰਾਂ ਅਤੇ ਨਿੱਜੀ ਸਕੂਲਾਂ ਵਿੱਚ ਪੰਜਾਬੀ ਲਾਗੂ ਕਰਵਾਉਣ ਲਈ ਕਈ ਉਪਰਾਲੇ ਕੀਤੇ ਅਤੇ ਸਫਲਤਾ ਵੀ ਹਾਸਿਲ ਕੀਤੀ।
ਇਸ ਸੰਸਥਾ ਵੱਲੋਂ ਪਿਛਲੇ ਦੋ ਸਾਲਾਂ ਤੋਂ ਸਕੂਲਾਂ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਵਿੱਚ ਪੰਜਾਬੀ ਭਾਸ਼ਾ ਪ੍ਰਤੀ ਰੁਚੀ ਪੈਦਾ ਕਰਨ ਲਈ ਅਤੇ ਜਿਹੜੇ ਵਿਦਿਆਰਥੀ ਪਹਿਲਾਂ ਹੀ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਯਤਨਸ਼ੀਲ ਹਨ ਉਨਾਂ ਦੀ ਹੌਸਲਾ ਅਫਜ਼ਾਈ ਲਈ ਕਈ ਪ੍ਰੋਗਰਾਮ ਉਲੀਕੇ ਹੋਏ ਹਨ। ਇਹਨਾਂ ਪ੍ਰੋਗਰਾਮਾਂ ਵਿੱਚੋਂ ਇੱਕ ਪ੍ਰੋਗਰਾਮ ਵਿਦਿਆਰਥੀਆਂ ਨੂੰ ਸਨਮਾਨ ਪੱਤਰਾਂ ਤਗਮਿਆਂ, ਸਕੂਲ ਬੈਗਾਂ ਅਤੇ ਪੁਸਤਕਾਂ ਨਾਲ ਸਨਮਾਨਿਤ ਕਰਨਾ ਹੈ।
ਇਸ ਸੰਸਥਾ ਹੁਣ ਤੱਕ 21 ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਕਰੀਬ 150 ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰ ਚੁੱਕੀ ਹੈ।
ਇਸ ਵਾਰ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ (ਜੋ ਕਿ 21 ਫਰਵਰੀ ਨੂੰ ਮਨਾਇਆ ਜਾਂਦਾ ਹੈ) ਨੂੰ ਮਾਂ ਬੋਲੀ ਪੰਜਾਬੀ ਪੰਦਰਵਾੜੇ ਦੇ ਤੌਰ ਤੇ ਮਣਾਇਆ ਗਿਆ। ਇੰਨੀ ਦਿਨੀਂ ਹਰਦਿਆਲ ਸਿੰਘ ਗਰਚਾ, ਜਸਵਿੰਦਰ ਸਿੰਘ ਗਰਚਾ, ਰਣਜੀਤ ਸਿੰਘ ਗਰਚਾ ਅਤੇ ਸੁਖਦੇਵ ਸਿੰਘ ਗਰਚਾ ਪੰਜਾਬ ਆਏ ਹੋਏ ਹਨ। ਇਹ ਭਰਾ ਸੰਸਥਾ ਦੇ ਕਈ ਸਮਾਗਮਾਂ ਵਿੱਚ ਸ਼ਾਮਿਲ ਹੋਏ ਅਤੇ ਡੂੰਘੇ ਪ੍ਰਭਾਵਿਤ ਹੋਏ। ਗਰਚਾ ਪਰਿਵਾਰ ਵੱਲੋਂ ਸੰਸਥਾ ਨੂੰ ਸੁਝਾਅ ਦਿੱਤਾ ਗਿਆ ਕਿ ਅੱਗੋਂ ਤੋਂ ਪੰਜਾਬੀ ਭਾਸ਼ਾ ਪ੍ਰਤੀ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਵਾਲੇ ਅਧਿਆਪਕਾਂ ਦਾ ਵੀ ਸਨਮਾਨ ਕੀਤਾ ਜਾਵੇ। ਇੰਨਾ ਸਨਮਾਨਾਂ ਤੇ ਹੋਣ ਵਾਲੇ ਖਰਚੇ ਦੀ ਜਿੰਮੇਵਾਰੀ ਪਰਿਵਾਰ ਵੱਲੋਂ ਚੁੱਕੀ ਗਈ। ਸੰਸਥਾ ਵੱਲੋਂ ਸੁਝਾਅ ਦਿੱਤਾ ਗਿਆ ਕਿ ਇਹ ਪੁਰਸਕਾਰ ਮਿਲਖਾ ਸਿੰਘ ਗਰਚਾ ਅਤੇ ਸੁਰਜੀਤ ਕੌਰ ਗਰਚਾ ਦੇ ਨਾਂ ਤੇ ਦਿੱਤੇ ਜਾਣ। ਪੰਜਾਬੀ ਅਧਿਆਪਕਾਂ ਨੂੰ ਸਤਿਕਾਰਤ ਕਰਨ ਦੇ ਉਦਮ ਨੂੰ ਭਰਵਾਂ ਹੁੰਗਾਰਾ ਮਿਲਣ ਤੇ ਪਰਿਵਾਰ ਵੱਲੋਂ ਇੱਕ ਕਦਮ ਹੋਰ ਅੱਗੇ ਜਾਂਦੇ ਹੋਏ ਫੈਸਲਾ ਕੀਤਾ ਗਿਆ ਕਿ ਵਿਦਿਆਰਥੀਆਂ ਨੂੰ ਦਿੱਤੇ ਜਾਂਦੇ ਸਨਮਾਨ ਦਾ ਖਰਚਾ ਵੀ ਪਰਿਵਾਰ ਵੱਲੋਂ ਹੀ ਦਿੱਤਾ ਜਾਇਆ ਕਰੇਗਾ। ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਪੁਰਸਕਾਰ ਵੀ ਮਿਲਖਾ ਸਿੰਘ ਗਰਚਾ ਤੇ ਸੁਰਜੀਤ ਕੌਰ ਗਰਚਾ ਦੇ ਨਾਂ ਤੇ ਹੀ ਦਿੱਤੇ ਜਾਇਆ ਕਰਨਗੇ। ਇਸ ਸ਼ੁਭ ਕਾਰਜ ਦੀ ਸ਼ੁਰੂਆਤ ਗਰਚਾ ਪਰਿਵਾਰ ਵੱਲੋਂ ਆਪਣੇ ਘਰ ਤੋਂ ਹੀ ਸ਼ੁਰੂ ਕੀਤੀ ਗਈ। 7 ਅਪਰੈਲ 2026 ਨੂੰ ਇੱਕ ਅਧਿਆਪਕਾ ਅਤੇ ਨੌ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਵਿਆਹ ਵਰਗਾ ਸਮਾਗਮ ਰਚਿਆ ਗਿਆ।
ਨੈਸ਼ਨਲ ਸਿੱਖ ਕਾਲਜ ਬੰਗਾ ਦੇ ਪੰਜਾਬੀ ਵਿਭਾਗ ਦੀ ਮੁਖੀ ਡਾਕਟਰ ਨਿਰਮਲਜੀਤ ਕੌਰ ਨੂੰ ਸਰਦਾਰਨੀ ਸੁਰਜੀਤ ਕੌਰ ਗਰਚਾ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਪੁਰਸਕਾਰ ਵਿੱਚ ਸਨਮਾਨ ਪੱਤਰ, ਤਗਮਾ, ਫੁਲਕਾਰੀ ਅਤੇ ਪੁਸਤਕਾਂ ਦੇ ਸੈਟ ਦੇ ਨਾਲ ਨਾਲ 11000 ਰੁਪਏ ਦੀ ਨਗਦ ਰਾਸ਼ੀ ਵੀ ਦਿੱਤੀ ਗਈ।
ਨੌ ਵਿਦਿਆਰਥੀਆਂ ਦੀਕਸ਼ਾ, ਰਿਤਿਕਾ, ਕੀਰਤ ਸਿੰਘ, ਸੁਖਮਨਵੀਰ ਸਿੰਘ, ਅਮਰਪ੍ਰੀਤ ਸਿੰਘ, ਸੋਨਮ ਕੈਂਥ, ਲੱਛਮੀ, ਪ੍ਰਿਅੰਕਾ ਅਤੇ ਤਮੰਨਾ ਨੂੰ ਪ੍ਰਮਾਣ ਪੱਤਰਾਂ, ਤਗਮਿਆਂ ਅਤੇ ਉੱਤਮ ਪੁਸਤਕਾਂ ਨਾਲ ਸਨਮਾਨਿਤ ਕੀਤਾ ਗਿਆ।
ਗਰਚਾ ਪਰਿਵਾਰ ਦੇ ਘਰ ਅੱਗੇ ਪਰਿਵਾਰ ਮੁਖੀਆਂ ਦੇ ਸਤਿਕਾਰ ਵਿੱਚ ਲੱਗੀ ਫੱਟੀ

ਇਸ ਸਮਾਗਮ ਦੀ ਰਿਪੋਰਟ
ਸੰਸਥਾ ਦੇ ਤਿੰਨ ਕਾਰਕੁਨਾਂ (ਸੁਖਦੇਵ ਸਿੰਘ ਗਰਚਾ, ਮਿੱਤਰ ਸੈਨ ਮੀਤ ਅਤੇ ਡਾਕਟਰ ਨਿਰਮਲਜੀਤ ਕੌਰ) ਨੇ ਸੰਭਾਲੀ ਸਮਾਗਮ ਨੂੰ ਚਲਾਉਣ ਦੀ ਜਿੰਮੇਵਾਰੀ

ਮਿੱਤਰ ਸੈਨ ਮੀਤ ਵੱਲੋਂ ਵਿਦਿਆਰਥੀਆਂ ਵਿੱਚ ਪੰਜਾਬੀ ਭਾਸ਼ਾ ਦੀ ਅਮੀਰੀ ਬਾਰੇ ਜਾਣਕਾਰੀ ਦੇਣ ਲਈ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਵੱਲੋਂ ਚਲਾਈ ਗਈ ਮੁਹਿੰਮ ਵਾਰੇ, ਹਾਜ਼ਰ ਪਤਵੰਤਿਆਂ ਨੂੰ ਜਾਣਕਾਰੀ ਦਿੱਤੀ।

ਸੁਖਦੇਵ ਸਿੰਘ ਗਰਚਾ ਵੱਲੋਂ ਆਪਣੇ ਪਿਤਾ ਸਰਦਾਰ ਮਿਲਖਾ ਸਿੰਘ ਗਰਚਾ ਅਤੇ ਮਾਤਾ ਸਰਦਾਰਨੀ ਸੁਰਜੀਤ ਕੌਰ ਗਰਚਾ ਦੀ ਸ਼ਖਸ਼ੀਅਤ ਅਤੇ ਉਹਨਾਂ ਦੀ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੇ ਵਿਕਾਸ ਪ੍ਰਤੀ ਪ੍ਰਤੀਬੱਧਤਾ ਸਾਰੇ ਜਾਣਕਾਰੀ ਦਿੱਤੀ

ਨੈਸ਼ਨਲ ਸਿੱਖ ਕਾਲਜ ਬੰਗਾ ਦੇ ਪੰਜਾਬੀ ਵਿਭਾਗ ਦੀ ਮੁਖੀ ਡਾਕਟਰ ਨਿਰਮਲਜੀਤ ਕੌਰ ਨੂੰ ਗਰਚਾ ਪਰਿਵਾਰ ਅਤੇ ਭਾਈਚਾਰੇ ਵੱਲੋਂ ਨਗਦ ਰਾਸ਼ੀ, ਪ੍ਰਸ਼ੰਸਾ ਪੱਤਰ, ਫ਼ੁਲਕਾਰੀ, ਤਗਮੇ ਅਤੇ ਪੁਸਤਕਾਂ ਦੇ ਸੈਟ ਨਾਲ ਸਨਮਾਨਿਤ ਕੀਤਾ ਗਿਆ।

9 ਸਨਮਾਨਿਤ ਵਿਦਿਆਰਥੀਆਂ (ਦੀਕਸ਼ਾ, ਰਿਤਿਕਾ, ਕੀਰਤ ਸਿੰਘ, ਸੁਖਮਨਵੀਰ ਸਿੰਘ, ਅਮਰਪ੍ਰੀਤ ਸਿੰਘ, ਸੋਨਮ ਕੈਂਥ, ਲੱਛਮੀ,ਪ੍ਰਿੰਅਕਾ ਅਤੇ ਤਮੰਨਾਦੀ) ਸਾਂਝੀ ਤਸਵੀਰ

ਸ੍ਰ ਮਿਲਖਾ ਸਿੰਘ ਗਰਚਾ ਦੀ ਯਾਦਗਾਰ ਦੇ ਸਾਹਮਣੇ

ਸਨਮਾਨਿਤ ਇਕੱਲੇ ਇਕੱਲੇ ਵਿਦਿਆਰਥੀ ਦੀ ਤਸਵੀਰ









ਗਰਚਾ ਪਰਿਵਾਰ ਦੇ ਮੈਂਬਰ ਅਤੇ ਦੋਸਤ ਮਿੱਤਰ





ਮੀਡੀਆ ਸਹਿਯੋਗ

