ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਦਾ ਨਵਾਂ ਉਪਰਾਲਾ
ਕਿਤਾਬ ਆਸ਼ਰਮ ਦੀ ਸ਼ੁਰੂਆਤ
ਦੋਸਤੋ, ਤੁਹਾਨੂੰ ਭਾਈਚਾਰੇ ਦੀਆਂ ਨਵੇਕਲੀ ਕਿਸਮ ਦੀਆਂ ਸਰਗਰਮੀਆਂ ਬਾਰੇ ਪਤਾ ਹੀ ਹੈ। ਉਨ੍ਹਾਂ ਦੇ ਵਿਸਥਾਰ ਵਿੱਚ ਜਾਣ ਦੀ ਥਾਂ ਅੱਜ ਮੈਂ ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਦਰਪੇਸ਼ ਇੱਕ ਨਵੀਂ ਸਮੱਸਿਆ (ਬਜ਼ੁਰਗਾਂ ਦੇ ਘਰਾਂ ਵਿੱਚੋਂ ਪੰਜਾਬੀ ਭਾਸ਼ਾ ਅਤੇ ਸਾਹਿਤ ਦੀਆਂ ਬਹੁਮੁੱਲੀਆਂ ਪੁਸਤਕਾਂ ਦੇ ਖਜ਼ਾਨੇ ਦੇ ਅਲੋਪ ਹੋਣ ਦੀ) ਬਾਰੇ ਗੱਲ ਕਰਾਂਗਾ।
ਉਹ ਸਮੱਸਿਆ ਇਹ ਹੈ
ਪਿਛਲੇ ਸਮੇਂ ਵਿੱਚ ਭਾਈਚਾਰੇ ਦੀ ਬਜ਼ੁਰਗ ਸਾਹਿਤਕਾਰਾਂ ਅਤੇ ਉਨਾਂ ਦੇ ਘਰਾਂ ਵਿੱਚ ਵਿਚਰਦੀ ਟੀਮ ਨੂੰ ਅਹਿਸਾਸ ਹੋਇਆ ਕਿ ਅਜਿਹੇ ਬਹੁਤੇ ਘਰਾਂ ਦੇ ਨੌਜਵਾਨ, ਤਕਨੀਕੀ ਸਿੱਖਿਆ ਹਾਸਲ ਕਰਕੇ, ਚੰਗੇ ਰੁਜਗਾਰ ਦੀ ਖੋਜ ਵਿੱਚ ਵਿਦੇਸ਼ਾਂ ਵਿੱਚ ਜਾ ਵਸੇ ਹਨ। ਜੋ ਇਧਰ ਹਨ ਉਨ੍ਹਾਂ ਨੇ ਆਪਣੇ ਕਾਰੋਬਾਰ ਖੋਲ੍ਹ ਲਏ ਹਨ। ਭਾਵ ਨਵੀਂ ਪੀੜ੍ਹੀ ਦੀ ਰੁਚੀ ਰੋਟੀ ਟੁੱਕ ਦਾ ਪ੍ਰਬੰਧ ਕਰਨ ਵੱਲ ਵੱਧ ਅਤੇ ਸਾਹਿਤ ਪੜ੍ਹਨ ਲਿਖਣ ਵੱਲ ਘੱਟ ਹੈ।
ਸਾਨੂੰ ਇਹ ਦੁਖਦ ਤਜਰਬਾ ਵੀ ਹੋਇਆ ਕਿ ਬਜ਼ੁਰਗ ਵਿਦਵਾਨਾਂ ਦੇ ਇਸ ਸੰਸਾਰ ਤੋਂ ਰੁਖ਼ਸਤ ਹੋਣ ਬਾਅਦ ਉਨ੍ਹਾਂ ਦੇ ਵਾਰਸਾਂ ਵੱਲੋਂ, ਅਣਜਾਣਪੁਣੇ ਵਿੱਚ, ਪੁਸਤਕਾਂ ਦੇ ਖਜ਼ਾਨੇ ਨੂੰ ਕਬਾੜੀਆਂ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ।
ਅਤੇ ਇਹ ਵੀ ਕਿ ਜਿਹੜੇ ਸਾਹਿਤਕਾਰ ਪੱਕੇ ਤੌਰ ਤੇ, ਆਪਣੇ ਬਾਲ ਬੱਚਿਆਂ ਕੋਲ, ਵਿਦੇਸ਼ਾਂ ਵਿੱਚ ਚਲੇ ਗਏ ਹਨ ਉਨ੍ਹਾਂ ਦੀਆਂ ਪੁਸਤਕਾਂ ਦਾ ਖਜ਼ਾਨਾ ਵੀ ਸਮੇਂ ਦੀ ਧੂੜ ਵਿੱਚ ਗੁਆਚ ਰਿਹਾ ਹੈ।
ਆਪਣੀ ਮਾਂ ਬੋਲੀ ਅਤੇ ਸਾਹਿਤ ਨੂੰ ਪਿਆਰ ਕਰਨ ਵਾਲੇ ਬਹੁਤ ਸਾਰੇ ਉਦਮੀ ਨੌਜਵਾਨ, ਆਪਣੀਆਂ ਜੇਬਾਂ ਵਿੱਚੋਂ ਪੈਸੇ ਖਰਚ ਕੇ, ਜਨਤਕ ਲਾਇਬ੍ਰੇਰੀਆਂ ਖੋਲ੍ਹ ਤਾਂ ਰਹੇ ਹਨ ਪਰ (ਪ੍ਰਕਾਸ਼ਕਾਂ ਵੱਲੋਂ ਪੁਸਤਕਾਂ ਦੀਆਂ ਰੱਖੀਆਂ ਜਾ ਰਹੀਆਂ ਹੱਦੋਂ ਵੱਧ ਕੀਮਤਾਂ ਕਾਰਨ ) ਮਿਆਰੀ ਪੁਸਤਕਾਂ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹੋ ਗਈਆਂ ਹਨ। ਭਾਈਚਾਰਾ ਮਹਿਸੂਸ ਕਰਦਾ ਹੈ ਕਿ ਲੋਕ ਹਿੱਤ ਵਿੱਚ ਖੁੱਲ੍ਹ ਰਹੀਆਂ ਅਜਿਹੀਆਂ ਜਨਤਕ ਲਾਇਬਰੇਰੀਆਂ ਨੂੰ ਉੱਤਮ ਪੁਸਤਕਾਂ ਦੀ ਸਖ਼ਤ ਲੋੜ ਹੈ।
ਕਿਤਾਬ ਆਸ਼ਰਮ ਯੋਜਨਾ
ਸਾਹਿਤਕਾਰ ਅਤੇ ਵਿਦਵਾਨ ਦੋਸਤਾਂ ਦੀ ਸਾਰੀ ਉਮਰ ਦੀ ਕਮਾਈ ਨੂੰ ਸੰਭਾਲਣ ਲਈ ਭਾਈਚਾਰੇ ਵੱਲੋਂ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ।
ਇਸ ਯੋਜਨਾ ਅਧੀਨ ਅਸੀਂ
1. ਪਹਿਲਾਂ ਸਾਹਿਤਕਾਰ ਦੋਸਤਾਂ ਦੇ ਵਾਰਸਾਂ ਨਾਲ ਸੰਪਰਕ ਕਰਕੇ ਉਨ੍ਹਾਂ ਦੇ ਘਰਾਂ ਤੋਂ ਪੁਸਤਕਾਂ ਪ੍ਰਾਪਤ ਕਰਾਂਗੇ।
2. ਫੇਰ ਪ੍ਰਾਪਤ ਹੋਈਆਂ ਪੁਸਤਕਾਂ ਦੀ ਲੋੜੀਂਦੀ ਸਾਂਭ ਸੰਭਾਲ (ਜਿਲਦਾਂ ਆਦਿ ਬੰਨ੍ਹ ਕੇ) ਕਰਾਂਗੇ।
3. ਫੇਰ ਦੇਖਾਂਗੇ ਕਿ ਕਿਹੜੀ ਪੁਸਤਕ ਕਿਸ ਲਾਇਬਰੇਰੀ ਵਿੱਚ ਜਾਣੀ ਚਾਹੀਦੀ ਹੈ। ਫੇਰ ਲੋੜ ਅਨੁਸਾਰ ਅਤੇ ਸਤਿਕਾਰ ਸਹਿਤ ਉਹ ਪੁਸਤਕਾਂ ਬਣਦੀ ਥਾਂ ਪੁੱਜਦੀਆਂ ਕੀਤੀਆਂ ਜਾਣਗੀਆਂ।
ਬੇਨਤੀ
ਕਿਰਪਾ ਕਰਕੇ ਤੁਸੀਂ ਸਭ ਇਸ ਯੋਜਨਾ ਨੂੰ ਸਿਰੇ ਚੜ੍ਹਾਉਣ ਲਈ ਸਾਨੂੰ ਸਹਿਯੋਗ ਦੇਵੋ।
- ਸਾਨੂੰ ਪੁਸਤਕਾਂ ਦੇ ਲਾਵਾਰਿਸ ਪਏ ਖਜ਼ਾਨੇ ਬਾਰੇ ਸੂਚਿਤ ਕੀਤਾ ਜਾਵੇ।
- ਪੁਸਤਕਾਂ ਪ੍ਰਾਪਤ ਕਰਨ ਵਿੱਚ ਸਾਡੀ ਸਹਾਇਤਾ ਕੀਤੀ ਜਾਵੇ।
ਸੰਪਰਕ
ਮਿੱਤਰ ਸੈਨ ਮੀਤ
98556-31777
ਸੁਖਇੰਦਰ ਪਾਲ ਸਿੰਘ ਸਿੱਧੂ
98145 00445
